News

-550ਵਾਂ ਪ੍ਰਕਾਸ਼ ਪੁਰਬ-

ਪੰਜਾਬ ਸਰਕਾਰ ਵੱਲੋਂ ਕਪੂਰਥਲਾ ਵਿਖੇ ਡਿਜੀਟਲ ਮਿੳੂਜ਼ੀਅਮ ਅਤੇ ਲਾਈਟ ਐਂਡ ਸਾੳੂਂਡ ਸ਼ੋਅ 23 ਤੋਂ 25 ਤੱਕ-ਡੀ. ਸੀ
*ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਦੀ ਗਰਾੳੂਂਡ ’ਚ ਲੱਗੇਗੀ ਅਧਿਆਤਮਕਤਾ ਦੀ ਛਹਿਬਰ
*ਕਪੂਰਥਲਾ ਵਾਸੀਆਂ ਨੂੰ ਰੂਹਾਨੀ ਰੰਗ ਵਿਚ ਰੰਗਣਗੇ ਅਤਿ-ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਪ੍ਰੋਗਰਾਮ

By SK.Vyas :
ਕਪੂਰਥਲਾ, 21 ਅਕਤੂਬਰ ,2019 : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿੳੂਜ਼ੀਅਮ ਅਤੇ ਲਾਈਟ ਐਂਡ ਸਾੳੂਂਡ ਸ਼ੋਅ ਨਵਾਬ ਜੱਸਾ ਸਿਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੀ ਗਰਾੳੂਂਡ ਵਿਚ ਹੋਵੇਗਾ। ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਅਤਿ-ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਇਹ ਪ੍ਰੋਗਰਾਮ ਲਗਾਤਾਰ ਤਿੰਨ ਦਿਨ ਲੋਕਾਂ ਨੂੰ ਰੂਹਾਨੀ ਰੰਗ ਵਿਚ ਰੰਗਣ ਲਈ ਅਧਿਆਤਮਕਤਾ ਦੀ ਛਹਿਬਰ ਲਗਾਉਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਦੱਸਿਆ ਕਿ 23 ਤੋਂ 25 ਅਕਤੂਬਰ ਤੱਕ ਡਿਜੀਟਲ ਮਿੳੂਜ਼ੀਅਮ ਸਥਾਪਿਤ ਕੀਤਾ ਜਾਵੇਗਾ, ਜੋ ਲੋਕਾਂ ਦੇ ਦੇਖਣ ਲਈ ਤਿੰਨੇ ਦਿਨ ਸਵੇਰੇ 6.30 ਤੋਂ ਸ਼ਾਮ 6 ਵਜੇ ਤੱਕ ਖੁੱਲਾ ਰਹੇਗਾ। ਉਨਾਂ ਦੱਸਿਆ ਕਿ ਅਤਿ-ਆਧੁਨਿਕ ਤਕਨੀਕਾਂ ਵਾਲੇ ਇਸ ਮਿਉਜ਼ੀਅਮ ਵਿਚ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ ਮੀਡੀਆ ਤਕਨੀਕਾਂ ਜ਼ਰੀਏ ਰੂਪਮਾਨ ਕੀਤਾ ਜਾਵੇਗਾ।

ਉਨਾਂ ਦੱਸਿਆ ਕਿ 24 ਤੇ 25 ਅਕਤੂਬਰ ਸ਼ਾਮ ਨੂੰ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ’ਤੇ ਚਾਨਣਾ ਪਾਉਂਦਾ ਲਾਈਟ ਐਂਡ ਸਾੳੂਂਡ ਸ਼ੋਅ ਚੱਲਣਗੇ, ਜੋ ਕਿ ਦੋਵੇਂ ਦਿਨ ਸ਼ਾਮ 7 ਤੋਂ 7.45 ਵਜੇ ਅਤੇ 8.30 ਤੋਂ 9.15 ਵਜੇ ਤੱਕ ਹੋਣਗੇ। ਉਨਾਂ ਦੱਸਿਆ ਕਿ ਰੰਗਦਾਰ ਦਿਸ਼ ਪੇਸ਼ਕਾਰੀਆਂ, ਅਤਿ-ਆਧੁਨਿਕ ਲੇਜ਼ਰ ਤਕਨੀਕਾਂ ਅਤੇ ਵਿਲੱਖਣ ਧੁਨੀਆਂ ਵਾਲਾ 45 ਮਿੰਟ ਦਾ ਲਾਈਟ ਐਂਡ ਸਾੳੂਂਡ ਸ਼ੋਅ ਕਪੂਰਥਲਾ ਦੀ ਧਰਤੀ ’ਤੇ ਆਪਣੀ ਕਿਸਮ ਦਾ ਅਜਿਹਾ ਪਹਿਲਾ ਸ਼ੋਅ ਹੋਵੇਗਾ। ਉਨਾਂ ਕਪੂਰਥਲਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਵਿਲੱਖਣ ਨਜ਼ਾਰੇ ਦਾ ਗਵਾਹ ਬਣਨ ਲਈ ਆਪਣੇ ਪਰਿਵਾਰਾਂ ਸਮੇਤ ਹੁੰਮ-ਹੁੰਮਾ ਕੇ ਪਹੁੰਚਣ। ਉਨਾਂ ਇਹ ਵੀ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਸ਼ਤਾਬਦੀ ਸਮਾਗਮਾਂ ਦੌਰਾਨ 1 ਤੋਂ 12 ਨਵੰਬਰ ਤੱਕ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ। ਇਸ ਤੋਂ ਇਲਾਵਾ 10 ਤੇ 11 ਨਵੰਬਰ ਨੂੰ ਸਬ-ਡਵੀਜ਼ਨ ਭੁਲੱਥ ਦੇ ਪਿੰਡ ਮੰਡੀ ਮੰਡ ਕੁੱਲਾ ਵਿਖੇ ਬਿਆਸ ਦਰਿਆ ਵਿਚ ਫਲੋਟਿੰਗ ਲਾਈਟ ਐਂਡ ਸ਼ੋਅ ਕਰਵਾਇਆ ਜਾਵੇਗਾ।
ਫੋਟੋ :
-ਇੰਜ: ਡੀ. ਪੀ. ਐਸ ਖਰਬੰਦਾ, ਡਿਪਟੀ ਕਮਿਸ਼ਨਰ ਕਪੂਰਥਲਾ।