ਜਲੰਧਰ, 9 ਜੂਨ:ਵਿਧਾਨ ਸਭਾ ਚੋਣਾਂ-2022 ਮੱਦੇਨਜ਼ਰ ਨੌਜਵਾਨ ਵਰਗ (18-21 ਸਾਲ ਦੇ ਉਮਰ ਗਰੁੱਪ) ਦੀ ਵੱਧ ਤੋਂ ਵੱਧ ਵੋਟਰ ਰਜਿਸਟ੍ਰੇਸ਼ਨ ਕਰਨ ਲਈ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਕੋਈ ਵੀ ਨਾਗਰਿਕ, ਜਿਸ ਦੀ ਉਮਰ 1 ਜਨਵਰੀ 2021 ਨੂੰ 18 ਜਾਂ ਇਸ ਤੋਂ ਵੱਧ ਹੈ ਅਤੇ ਜਿਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਨਹੀਂ ਹੋਇਆ ਹੈ, ਆਪਣੀ ਵੋਟ ਬਣਾਉਣ ਲਈ ਆਪਣਾ ਦਾਅਵਾ ਫਾਰਮ-6 ਭਰ ਸਕਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਵਿਡ-19 ਨੂੰ ਧਿਆਨ ਵਿੱਚ ਰੱਖਦਿਆਂ ਇਹ ਫਾਰਮ ਆਨਲਾਈਨ ਵੀ ਭਰਿਆ ਜਾ ਸਕਦਾ ਹੈ, ਜਿਸ ਦੇ ਲਈ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in, www.voterportal.gov.in ‘ਤੇ ਲਾਗ ਇਨ ਕੀਤਾ ਜਾ ਸਕਦਾ ਹੈ ਜਾਂ ਐਂਡਰਾਇਡ ਫੋਨ ਵਿੱਚ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰ ਕੇ ਆਨਲਾਈਨ ਫਾਰਮ ਭਰਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਫਿਰ ਵੀ ਜੇਕਰ ਫਾਰਮ ਭਰਨ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਇਸ ਸਬੰਧੀ ਵੋਟਰ ਹੈਲਪਲਾਈਨ 1950 ‘ਤੇ ਮੁਫ਼ਤ ਕਾਲ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਸ਼੍ਰੀ ਥੋਰੀ ਨੇ ਦੱਸਿਆ ਇਸ ਮੁਹਿੰਮ ਤਹਿਤ ਮੁੱਖ ਚੋਣ ਅਫ਼ਸਰ ਪੰਜਾਬ, ਚੰਡੀਗੜ੍ਹ ਵੱਲੋਂ ਵਿੱਦਿਅਕ ਅਤੇ ਤਕਨੀਕੀ ਕਾਲਜਾਂ ਵਿੱਚ ਨਿਯੁਕਤ ਕੈਂਪਸ ਅੰਬੈਸਡਰਾਂ ਨੂੰ ਉਤਸ਼ਾਹਿਤ ਕਰਨ ਲਈ ਹਰੇਕ ਮਹੀਨੇ ਸਭ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕੈਂਪਸ ਅੰਬੈਸਡਰਾਂ ਨੂੰ ‘ਇਲੈਕਸ਼ਨ ਸਟਾਰ ਆਫ਼ ਦਾ ਮੰਥ’ ਦੇ ਖਿਤਾਬ ਨਾਲ ਨਵਾਜ਼ਿਆ ਜਾਵੇਗਾ ਅਤੇ ਪ੍ਰਮਾਣ ਪੱਤਰ ਤੇ ਤੋਹਫੇ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਪਹਿਲੇ ਜੇਤੂ ਨੂੰ 5 ਜੂਨ 2021 ਤੋਂ 24 ਜੁਲਾਈ 2021 ਦੇ ਵਿਚਕਾਰ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਗਿਣਤੀ ਦੇ ਆਧਾਰ ‘ਤੇ ਚੁਣਿਆ ਜਾਵੇਗਾ ਕਿਉਂ ਜੋ ਭਾਰਤ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ, 2022 ਲਈ ਨੌਜਵਾਨ ਵਰਗ (18-21 ਸਾਲ ਉਮਰ ਗਰੁੱਪ) ਦੀਆਂ ਵੋਟਾਂ ਦਾ 100 ਫੀਸਦ ਰਜਿਸਟ੍ਰੇਸ਼ਨ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਇਸ ਲਈ ਕੈਂਪਸ ਅੰਬੈਸਡਰਾਂ ਨੂੰ 4 ਜੁਲਾਈ, 2021 ਤੱਕ ਰਜਿਸਟਰਡ ਕਰਵਾਏ ਵੋਟਰਾਂ ਦੀ ਗਿਣਤੀ ਸਬੰਧੀ ਰਿਪੋਰਟ ਜ਼ਿਲ੍ਹਾ ਚੋਣ ਤਹਿਸੀਲਦਾਰ ਦੇ ਦਫ਼ਤਰ ਵਿਖੇ ਜਮ੍ਹਾ ਜਾਂ ਈ-ਮੇਲ ਆਈ.ਡੀ. ([email protected]) ‘ਤੇ ਭੇਜਣੀ ਹੋਵੇਗੀ। ਦਸਬੰਰ 2022 ਦੇ ਆਖੀਰ ਤੱਕ ਸਭ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕੈਂਪਸ ਅੰਬੈਸਡਰਾਂ ਨੂੰ ਜ਼ਿਲ੍ਹਾ ਪੱਧਰੀ ਰਾਸ਼ਟਰੀ ਦਿਵਸ ਮੌਕੇ ‘ਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ।