ਅੰਮ੍ਰਿਤਸਰ 10 ਅਪ੍ਰੈਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਤਰਫ਼ੋਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਨੇ ਭਾਈ ਘਨ੍ਹੱਈਆ ਜੀ ਮਿਸ਼ਨ ਸੋਸਾਇਟੀ (ਰਜਿ), ਅੰਮ੍ਰਿਤਸਰ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਨੂੰ ਸਮਾਜ ਭਲਾਈ ਦੇ ਕਾਰਜਾਂ ਲਈ ਇਕ ਲੱਖ ਰੁਪਏ ਦਾ ਚੈੱਕ ਸੌਂਪਿਆ ਹੈ। ਭਾਈ ਅਭਿਆਸੀ ਨੇ ਕਿਹਾ ਕਿ ਭਾਈ ਘਨ੍ਹੱਈਆ ਜੀ ਦਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ। ਜਿਨ੍ਹਾਂ ਸਿੱਖੀ ਦੇ ’’ਸਰਬੱਤ ਦਾ ਭਲਾ’’ ਵਾਲੇ ਸਿਧਾਂਤ ਨੂੰ ਦੁਨੀਆ ਸਾਹਮਣੇ ਹਕੀਕੀ ਰੂਪ ਵਿੱਚ ਰੂਪਮਾਨ ਕਰਕੇ ਦਿਖਾਇਆ, ਭਖਦੀ ਜੰਗ ਵਿੱਚ ਪਿਆਸਿਆਂ ਤੇ ਜ਼ਖ਼ਮੀਆਂ ਦੀ ਬਿਨਾ ਭੇਦਭਾਵ ਸੇਵਾ ਅਤੇ ਮਦਦ ਕਰਦਿਆਂ ਮਾਨਵਤਾ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਭਾਈ ਘਨੱਈਆ ਜੀ ਦੇ ਜੀਵਨ ਵਿੱਚੋਂ ਰੌਸ਼ਨੀ ਅਤੇ ਪ੍ਰੇਰਨਾ ਲੈ ਕੇ ਆਪਣੇ ਜੀਵਨ ਨੂੰ ਰੁਸ਼ਨਾਉਣ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਚੇਅਰਮੈਨ ਭਾਈ ਮਨਜੀਤ ਸਿੰਘ ਦੀ ਅਗਵਾਈ ਵਿਚ ਉਕਤ ਮਿਸ਼ਨ ਦੇ ਵੱਲੋਂ ਕੀਤੀ ਜਾ ਰਹੀ ਸੇਵਾ ਅਤੇ ਸਮਾਜ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਘਨੱਈਆ ਜੀ ਦੀ ਸਰਬਪੱਖੀ ਸ਼ਖ਼ਸੀਅਤ ਬਾਰੇ ਦੇਸ਼ ਵਿਦੇਸ਼ ਵਿੱਚ ਵੱਸਦੀ ਲੋਕਾਈ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਮਨੁੱਖਤਾ ਪ੍ਰਤੀ ਸੇਵਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਉਣ ਲਈ ਯਤਨਸ਼ੀਲ ਹੈ। ਸ਼੍ਰੋਮਣੀ ਕਮੇਟੀ ਸਮਾਜ ਵਿਚ ਸੇਵਾ ਅਤੇ ਸ਼ਾਂਤੀ ਦੇ ਸੰਦੇਸ਼ ਨੂੰ ਹੋਰ ਅੱਗੇ ਤੋਰਨ ਲਈ ਸਾਰੀਆਂ ਸਭਾ- ਸੁਸਾਇਟੀਆਂ ਨੂੰ ਨਾਲ ਲੈ ਕੇ ਚੱਲ ਰਹੀ ਹੈ। ਚੇਅਰਮੈਨ ਭਾਈ ਮਨਜੀਤ ਸਿੰਘ ਨੇ ਮਾਲੀ ਮਦਦ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਜਗਮੋਹਨ ਸਿੰਘ ਦੂਆ , ਨਵਦੀਪ ਸਿੰਘ ਜਿਮੀ ਵਾਲੀਆ , ਸ਼ੈਲਾ ਵਾਲੀਆ , ਗਗਨਦੀਪ ਸਿੰਘ ਦੁਆ ਅਤੇ ਚਰਨ ਸਿੰਘ ਵੀ ਹਾਜ਼ਰ ਸੀ।
ਤਸਵੀਰ ਨਾਲ ਹੈ.
Our Correspondent