ਕਪੂਰਥਲਾ, 3 ਮਈ
ਕਪੂਰਥਲਾ ਜਿਲ੍ਹੇ ਵਿਚ ਕੋਵਿਡ ਦੀ ਦੂਜੀ ਖਤਰਨਾਕ ਲਹਿਰ ਦੇ ਮੱਦੇਨਜ਼ਰ ਲਗਾਈਆਂ ਗਈਆਂ ਪਾਬੰੰਦੀਆਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਕੇ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਦੇ ਮੰਤਵ ਨਾਲ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ.ਪੀ. ਕਪੂਰਥਲਾ ਸ੍ਰੀਮਤੀ ਕੰਵਰਦੀਪ ਕੌਰ ਆਈ.ਪੀ.ਐਸ. ਵਲੋਂ ਕਪੂਰਥਲਾ ਸ਼ਹਿਰ ਦਾ ਦੌਰਾ ਕੀਤਾ ਗਿਆ।
ਦੋਹਾਂ ਅਧਿਕਾਰੀਆਂ ਨੇ ਸਿਵਲ ਤੇ ਪੁਲਿਸ ਦੇ ਹੋਰਨਾਂ ਉੱਚ ਅਧਿਕਾਰੀਆਂ ਸਮੇਤ ਸ਼ਹਿਰ ਦੇ ਭੀੜ ਭਾੜ ਵਾਲੇ ਬਾਜ਼ਾਰਾਂ, ਸਦਰ ਬਜ਼ਾਰ, ਸ਼ਹੀਦ ਭਗਤ ਸਿੰਘ ਚੌਂਕ , ਪੁਰਾਣੀ ਤੇ ਨਵੀਂ ਸਬਜ਼ੀ ਮੰਡੀ ਵਿਖੇ ਜਾ ਕੇ ਕੋਵਿਡ ਨਿਯਮਾਂ ਦੀ ਪਾਲਣਾ।
ਦੋਹਾਂ ਅਧਿਕਾਰੀਆਂ ਨੇ ਕਿਹਾ ਕਿ ‘ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਲਾਕਡਾਊਨ ਲਗਾਇਆ ਗਿਆ ਹੈ, ਜਿਸ ਦੌਰਾਨ ਵੀ ਜ਼ਰੂਰੀ ਸੇਵਾਵਾਂ ਨੂੰ ਨਿਰਵਿਘਨ ਚਾਲੂ ਰੱਖਣ ਦੀ ਵਿਵਸਥਾ ਕੀਤੀ ਗਈ ਹੈ, ਜਿਸ ਕਰਕੇ ਲੋਕ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ।
ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਵਿਚ ਸਬਜ਼ੀ ਲੈ ਕੇ ਆਉਣ ਵਾਲੇ ਕਿਸਾਨ, ਆੜ੍ਹਤੀਏ, ਦੁਕਾਨਦਾਰ ਤੇ ਖਰੀਦਦਾਰ ਮਾਸਕ ਲਾਉਣਾ, ਦੂਰੀ ਬਣਾਕੇ ਰੱਖਣਾ, ਸੈਨੇਟਾਈਜ਼ਰ ਦੀ ਵਰਤੋਂ ਨੂੰ ਯਕੀਨੀ ਬਣਾਉਣ।
ਐਸ.ਐਸ.ਪੀ. ਕਪੂਰਥਲਾ ਵਲੋਂ ਮੌਕੇ ’ਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਤੇ ਹੋਰਨਾਂ ਦੇ 20 ਤੋਂ ਜਿਆਦਾ ਚਾਲਾਨ ਕਰਵਾਏ ਗਏ।
ਉਨ੍ਹਾਂ ਸਪੱਸ਼ਟ ਕੀਤਾ ਕਿ ਨਿਰਧਾਰਿਤ ਨਿਯਮਾਂ ਤਹਿਤ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਜਦਕਿ ਕੋਵਿਡ ਨਿਯਮਾਂ ਦੀ ਉਲੰਘਣਾ ਕਰਕੇ ਮਹਾਂਮਾਰੀ ਫੈਲਾਉਣ ਵਾਲਿਆਂ ਵਿਰੁੱਧ ਸਖਤੀ ਨਾਲ ਨਜਿੱਠਿਆ ਜਾਵੇਗਾ।
ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਰੇਹੜੀਆਂ ਵਾਲਿਆਂ ਦੇ ਆਰ.ਟੀ. ਪੀ.ਸੀ.ਆਰ ਟੈਸਟ ਵੀ ਕੀਤੇ ਗਏ ਤੇ ਉਨ੍ਹਾਂ ਨੂੰ ਕੋਵਿਡ ਨਿਯਮਾਂ ਬਾਰੇ ਵੀ ਜਾਣੂੰ ਕਰਵਾਇਆ ਗਿਆ। ਇਸ ਮੌਕੇ ਐਸ.ਡੀ.ਐਮ. ਕਪੂਰਥਲਾ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ, ਡੀ.ਐਸ.ਪੀ. ਸੁਰਿੰਦਰ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ- ਕਪੂਰਥਲਾ ਵਿਖੇ ਨਵੀਂ ਸਬਜ਼ੀ ਮੰਡੀ ਵਿਚ ਕੋਵਿਡ ਦੇ ਨਿਯਮਾਂ ਨੂੰ ਲਾਗੂ ਕਰਨ ਸਬੰਧੀ ਨਿਰੀਖਣ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ.ਪੀ. ਕੰਵਰਦੀਪ ਕੌਰ।
ਕੈਪਸ਼ਨ-ਕਪੂਰਥਲਾ ਦੇ ਸਦਰ ਬਾਜ਼ਾਰ ਦੇ ਦੌਰੇ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ.ਪੀ. ਕੰਵਰਦੀਪ ਕੌਰ।
ਕੈਪਸ਼ਨ-ਭੁਲੱਥ ਬੱਸ ਅੱਡੇ ਨੇੜੇ ਰੇਹੜੀ ਵਾਲਿਆਂ ਦੇ ਆਰ.ਟੀ.ਪੀ.ਸੀ.ਆਰ ਟੈਸਟ ਲਈ ਨਮੂਨੇ ਲਏ ਜਾਣ ਦੀ ਤਸਵੀਰ।