ਜਲੰਧਰ 10 ਮਈ 2021-ਜ਼ਿਲ੍ਹੇ ਦੀਆਂ 137 ਅਨਾਜ ਮੰਡੀਆਂ ਵਿੱਚ ਕਣਕ ਦੀ ਖ਼ਰੀਦ, ਚੁਕਾਈ ਅਤੇ ਕਿਸਾਨਾਂ ਦੇ ਖ਼ਰੀਦੇ ਗਏ ਦਾਣੇ-ਦਾਣੇ ਦੀ ਅਦਾਇਗੀ ਨੂੰ ਯਕੀਨੀ ਬਣਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਣਕ ਦੇ ਇਸ ਖ਼ਰੀਦ ਸੀਜ਼ਨ ਦੌਰਾਨ ਹੁਣ ਤੱਕ 1067.67 ਕਰੋੜ ਰੁਪਏ ਜੋ ਕਿ 93 ਫੀਸਦੀ ਬਣਦੀ ਹੈ ਕਰਕੇ ਅਤੇ 91 ਫੀਸਦ ਚੁਕਾਈ ਨਾਲ ਜਲੰਧਰ ਮੋਹਰੀ ਜ਼ਿਲ੍ਹਾ ਬਣ ਕੇ ਉਭਰਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕਿਸਾਨਾਂ ਵਲੋਂ 5,86,790 ਮੀਟਰਿਕ ਟਨ ਕਣਕ ਮੰਡੀਆਂ ਵਿੱਚ ਵੇਚਣ ਲਈ ਲਿਆਂਦੀ ਗਈ ਜਿਸ ਨੂੰ ਕਿ ਖ਼ਰੀਦ ਏਜੰਸੀਆਂ ਵਲੋਂ ਨਿਰਧਾਰਿਤ ਸਮੇਂ ਵਿੱਚ ਖ਼ਰੀਦ ਕੀਤਾ ਗਿਆ। ਉਨ੍ਹਾਂ ਦੱਸਿਆ ਕ 5,30,234 ਮੀਟਰਿਕ ਟਨ ਕਣਕ ਦੀ ਚੁਕਾਈ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੀ ਕਣਕ ਦੀ ਚੁਕਾਈ ਤੇਜੀ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਕਿਸਾਨਾਂ ਦੀ ਖਰੀਦੀ ਗਈ ਕਣਕ ਦੀ ਅਦਾਇਗੀ ਵੱਲ ਖਾਸ ਤਵੱਜੋਂ ਦਿੰਦਿਆਂ ਹੁਣ ਤੱਕ 1067.67 ਕਰੋੜ ਰੁਪਏ ਦੀ ਅਦਾਇਗੀ ਕਰਵਾਈ ਜਾ ਚੁੱਕੀ ਹੈ, ਜੋ ਕਿ ਕੁੱਲ ਖ਼ਰੀਦੀ ਗਈ ਕਣਕ ਦਾ 93 ਫੀਸਦ ਬਣਦੀ ਹੈ, ਜਿਸ ਨੇ ਕਿ ਜ਼ਿਲ੍ਹੇ ਨੂੰ ਸੂਬੇ ਭਰ ਵਿੱਚ ਵਧੀਆ ਕਾਰਗੁਜ਼ਾਰੀ ਵਾਲਾ ਜ਼ਿਲ੍ਹਾ ਬਣਾ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ 137 ਅਨਾਜ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਖਾਸ ਕਰਕੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੁਖ਼ਤਾ ਇੰਤਜ਼ਾਮ ਕੀਤਾ ਗਏ ਸਨ ਤਾਂ ਕਿ ਕਿਸਾਨਾਂ ਨੁੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਕਿਸਾਨਾਂ ਲਈ ਵਿਸ਼ੇਸ਼ ਪਾਸ, ਸੈਨੇਟਾਈਜ਼ੇਸ਼ਨ, ਮਾਸਕ ਦੀ ਵੰਡ ਤੋਂ ਲੈ ਕੇ ਟੀਕਾਕਰਨ ਜਾਂ ਆਰਟੀ-ਪੀ.ਸੀ.ਆਰ. ਟੈਸਟਿੰਗ ਤੱਕ ਕੋਵਿਡ ਸਬੰਧੀ ਢੁੱਕੇਵੇਂ ਵਿਵਹਾਰ ਨੂੰ ਸਹੀ ਤਰੀਕੇ ਨਾਲ ਅਪਣਾਇਆ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿਦਿਆਂ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਨਗਰੇਨ ਵਲੋਂ ਸਭ ਤੋਂ ਜ਼ਿਆਦਾ 1,74,744 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਾਰਕਫੈਡ ਵਲੋਂ 1,62,238 ਮੀਟਰਿਕ ਟਨ , ਪਨਸਪ ਵਲੋਂ 1,23,927,ਪੀਐਸਡਬਲਿਓਸੀ ਵਲੋਂ 77,190 ਅਤੇ ਐਫ.ਸੀ.ਆਈ.48,550 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖ਼ਰੀਦੀ ਗਈ ਕਣਕ ਦੀ ਚੁਕਾਈ ਨੂੰ ਯਕੀਨੀ ਬਣਾਉਣ ਲਈ ਅਨਾਜ ਮੰਡੀਆਂ ਵਿੱਚ ਲੋੜੀਂਦੀ ਮਾਤਰਾ ਵਿੱਚ ਬਾਰਦਾਨਾ ਉਪਲਬੱਧ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਖ਼ਰੀਦ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ।