ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਆੜ੍ਹਤੀਆਂ ਦੀ ਸ਼ਮੂਲੀਅਤ ਜਾਰੀ ਰੱਖਣ ਨੂੰ ਯਕੀਨੀ ਬਣਾਉਣ ਲਈ ਸਾਫ਼ਟਵੇਅਰ ਵਿਚ ਸੋਧ ਕਰਨ ਤੋਂ ਬਾਅਦ ਕਣਕ ਦੀ ਸਰਕਾਰੀ ਖਰੀਦ ਸ਼ੁਰੂ
* ਆੜ੍ਹਤੀਆਂ ਵੱਲੋਂ ਹੜਤਾਲ ਖਤਮ
* ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 7 ਹਜ਼ਾਰ 25 ਟਨ ਕਣਕ ਦੀ ਆਮਦ
* ਸਰਦੂਲਗੜ੍ਹ ਅਨਾਜ ਮੰਡੀ ਵਿੱਚ 900 ਟਨ ਕਣਕ ਦੀ ਖਰੀਦ
ਮੁੱਖ ਮੰਤਰੀ ਪੰਜਾਬ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਰਾਜ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਵਾਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਰਜਨੀਸ਼ ਗੋਇਲ, ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਸ੍ਰੀਮਤੀ ਮਧੂ ਗੋਇਲ ਸਮੇਤ ਹੋਰ ਅਧਿਕਾਰੀਆਂ ਨੇ ਵੀਡੀਓ ਕਾਨਫਰੰਸ ਵਿੱਚ ਹਿੱਸਾ ਲਿਆ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਉਤੇ ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਖਰੀਦ ਸਬੰਧੀ ਸਾਫ਼ਟਵੇਅਰ ਵਿਚ ਸੋਧ ਕਰ ਦਿੱਤੀ ਹੈ ਤਾਂ ਜੋ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਜਾਰੀ ਕਰਨ ਦੀ ਪ੍ਰਕਿਰਿਆ ਵਿਚ ਆੜ੍ਹਤੀਆਂ ਦੀ ਸ਼ਮੂਲੀਅਤ ਸੋਧੇ ਰੂਪ ਵਿਚ ਹੀ ਸਹੀ, ਬਣੀ ਜ਼ਰੂਰ ਰਹੇਗੀ, ਜਦੋਂ ਕਿ ਸੂਬਾ ਸਰਕਾਰ ਵੱਲੋਂ ਨਿਰਧਾਰਤ ਸਮੇਂ ਅਨੁਸਾਰ ਕਿਸਾਨਾਂ ਨੂੰ 48 ਘੰਟਿਆਂ ਵਿਚ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਅਦਾਇਗੀ ਮਿਲ ਜਾਵੇਗੀ।
ਪੰਜਾਬ ਦੇ ਆੜ੍ਹਤੀਆਂ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਸਪੱਸ਼ਟ ਵਚਨਬੱਧਤਾ ਦਾ ਐਲਾਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆੜ੍ਹਤੀਆਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤੋਂ ਬਾਹਰ ਰੱਖਣ ਬਾਰੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਦੇ ਬਾਵਜੂਦ ਉਹ ਖਰੀਦ ਪ੍ਰਕਿਰਿਆ ਨਾਲ ਹਮੇਸ਼ਾ ਜੁੜੇ ਰਹਿਣਗੇ। ਉਨ੍ਹਾਂ ਕਿਹਾ,”ਜਦੋਂ ਤੱਕ ਮੈਂ ਇੱਥੇ ਹਾਂ, ਤੁਸੀਂ ਵਿਵਸਥਾ ਦਾ ਹਿੱਸਾ ਬਣੇ ਰਹੋਗੇ ਅਤੇ ਤੁਹਾਡੀ ਭੂਮਿਕਾ ਹਮੇਸ਼ਾ ਕਾਇਮ ਰਹੇਗੀ।“ ਉਨ੍ਹਾਂ ਕਿਹਾ ਕਿ ਉਹ ਯਕੀਨ ਦਿਵਾਉਂਦੇ ਹਨ ਕਿ ਏ.ਪੀ.ਐਮ.ਸੀ. ਐਕਟ ਤਹਿਤ ਆੜ੍ਹਤੀਆ ਕਮਿਸ਼ਨ ਅਤੇ ਹੋਰ ਲਾਗਤਾਂ ਜਾਰੀ ਰਹਿਣਗੀਆਂ।
ਭਾਰਤ ਸਰਕਾਰ ਵੱਲੋਂ ਸਿੱਧੀ ਅਦਾਇਗੀ ਦੀ ਪ੍ਰਣਾਲੀ ਨੂੰ ਮੁਲਤਵੀ ਕਰਨ ਲਈ ਸੂਬਾ ਸਰਕਾਰ ਦੀ ਅਪੀਲ ਨੂੰ ਮੰਨਣ ਤੋਂ ਇਨਕਾਰ ਕਰ ਦੇਣ ਉਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ,”ਇਸ ਮੁੱਦੇ ਉਤੇ ਅਸੀਂ ਕੇਂਦਰ ਨਾਲ ਸਖ਼ਤ ਲੜਾਈ ਲੜੀ ਪਰ ਉਹ ਅੜੇ ਰਹੇ ਅਤੇ ਇੱਥੋਂ ਤੱਕ ਕਿ ਸਿੱਧੀ ਅਦਾਇਗੀ ਦੀ ਪ੍ਰਣਾਲੀ ਨੂੰ ਲਾਗੂ ਨਾ ਕਰਨ ਦੀ ਸੂਰਤ ਵਿਚ ਪੰਜਾਬ ਤੋਂ ਖਰੀਦ ਨਾ ਕਰਨ ਦੀ ਧਮਕੀ ਦੇਣ ਤੱਕ ਗਏ।“
ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ 131 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਦੀ ਉਡੀਕ ਕੀਤੇ ਬਿਨਾਂ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ ਕਿਉਂ ਜੋ ਕੁਝ ਆੜ੍ਹਤੀਆਂ ਵੱਲੋਂ ਵੇਰਵੇ ਅਪਲੋਡ ਨਾ ਕਰਨ ਕਰਕੇ ਐਫ.ਸੀ.ਆਈ. ਨੇ ਇਹ ਰਾਸ਼ੀ ਰੋਕੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਆੜ੍ਹਤੀਆਂ ਨੂੰ ਉਸ ਵੇਲੇ ਸ਼ਾਇਦ ਅਜਿਹੇ ਲੋਕਾਂ ਨੇ ਰੋਕ ਦਿੱਤਾ ਹੋਵੇ, ਜੋ ਸਿਆਸਤ ਖੇਡਣਾ ਚਾਹੁੰਦੇ ਹੋਣ। ਉਨ੍ਹਾਂ ਕਿਹਾ ਕਿ ਭਾਵੇਂ ਕਿ ਐਫ.ਸੀ.ਆਈ. ਪਾਸੋਂ ਇਹ ਰਾਸ਼ੀ ਅਜੇ ਆਉਣੀ ਹੈ ਪਰ ਉਨ੍ਹਾਂ ਦੀ ਸਰਕਾਰ ਇਸ ਦੀ ਉਡੀਕ ਕੀਤੇ ਬਿਨਾਂ ਤੁਰੰਤ ਜਾਰੀ ਕਰੇਗੀ। ਮੁੱਖ ਮੰਤਰੀ ਨੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਐਫ.ਸੀ.ਆਈ. ਵੱਲੋਂ ਕੀਤੀ ਲੇਬਰ ਦੀ ਅਦਾਇਗੀ ਵਿਚ 30 ਫੀਸਦੀ ਦੀ ਕਟੌਤੀ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਏਗੀ।
ਕੈਪਟਨ ਅਮਰਿੰਦਰ ਸਿੰਘ ਨੇ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਦਾ ਉਨ੍ਹਾਂ ਦੀ ਸਰਕਾਰ ਵੱਲੋਂ ਸੰਭਾਵੀ ਹੜਤਾਲ ਵਾਪਸ ਲੈਣ ਸਬੰਧੀ ਕੀਤੀ ਗਈ ਅਪੀਲ ਨੂੰ ਮੰਨਣ ਅਤੇ ਅਨਾਜ ਦੀ ਚੁਕਾਈ ਕਰਨ ਲਈ ਧੰਨਵਾਦ ਕੀਤਾ, ਨਹੀਂ ਤਾਂ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਣਾ ਸੀ।ਉਨ੍ਹਾਂ ਆੜ੍ਹਤੀਆਂ ਨੂੰ ਅਪੀਲ ਕਰਦੇ ਹੋਏ ਤੁਰੰਤ ਹੀ ਖ਼ਰੀਦ ਸ਼ੁਰੂ ਕਰਨ ਅਤੇ ਕੋਵਿਡ ਸਬੰਧੀ ਨਿਯਮਾਂ ਦਾ ਪਾਲਣਾ ਕਰਨ ਲਈ ਕਿਹਾ।ਮੌਜੂਦਾ ਵਰ੍ਹੇ ਕੋਵਿਡ-19 ਦੇ ਦੂਜੇ ਦੌਰ ਕਾਰਨ ਸਰਕਾਰ ਨੂੰ ਪਹਿਲਾਂ ਨਿਰਧਾਰਿਤ 1 ਅਪ੍ਰੈਲ ਦੀ ਥਾਂ `ਤੇ ਖ਼ਰੀਦ ਪ੍ਰਕਿਰਿਆ 10 ਅਪ੍ਰੈਲ ਤੱਕ ਮੁਲਤਵੀ ਕਰਨੀ ਪਈ ਸੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੀਆਂ ਸਮੂਹ ਅਨਾਜ ਮੰਡੀਆਂ ਵਿੱਚ ਅੱਜ ਪਹਿਲੇ ਦਿਨ 7 ਹਜ਼ਾਰ 25 ਟਨ ਕਣਕ ਦੀ ਆਮਦ ਹੋਈ ਹੈ।
ਅਨਾਜ ਮੰਡੀ ਸਰਦੂਲਗੜ੍ਹ ਵਿਖੇ ਸਾਬਕਾ ਵਿਧਾਇਕ ਸ੍ਰ ਅਜੀਤ ਇੰਦਰ ਸਿੰਘ ਮੋਫ਼ਰ ਵੱਲੋਂ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਕੁਲਵੰਤ ਸਿੰਘ ਸਾਂਘਾ, ਵਾਈਸ ਚੇਅਰਮੈਨ ਸ੍ਰੀ ਸੁਰਜੀਤ ਸਿੰਘ ਵਿਰਕ, ਸਕੱਤਰ ਮਾਰਕੀਟ ਕਮੇਟੀ ਸ੍ਰੀ ਜਗਤਾਰ ਸਿੰਘ ਦੀ ਮੌਜੂਦਗੀ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ। ਅੱਜ ਇਥੇ 900 ਟਨ ਕਣਕ ਦੀ ਖਰੀਦ ਹੋਈ ਜਿਸ ਵਿੱਚੋਂ 500 ਟਨ ਪਨਗਰੇਨ ਅਤੇ 400 ਟਨ ਮਾਰਕਫੈਡ ਵੱਲੋਂ ਕਣਕ ਖਰੀਦੀ ਗਈ।