ਜ਼ਿਲੇ ਵਿਚ ਲੋਕ ਸਭਾ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਚੜਿਆ ਨੇਪਰੇ
*ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ਦੇ ਵੋਟਰਾਂ ਦਾ ਧੰਨਵਾਦ
ਕਪੂਰਥਲਾ, 19 ਮਈ :
ਜ਼ਿਲੇ ਵਿਚ ਲੋਕ ਸਭਾ ਚੋਣਾਂ ਲਈ ਮਤਦਾਨ ਦਾ ਕੰਮ ਅੱਜ ਅਮਨ-ਅਮਾਨ ਤੇ ਨਿਰਵਿਘਨਤਾ ਨਾਲ ਨੇਪਰੇ ਚੜ ਗਿਆ। ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਨੇ ਚੋਣ ਅਮਲ ਦੌਰਾਨ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਜ਼ਿਲੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦਾ ਮੁੱਖ ਮੰਤਵ ਚੋਣਾਂ ਦੌਰਾਨ ਭਾਈਚਾਰਕ ਸਾਂਝ ਅਤੇ ਅਮਨ-ਕਾਨੂੰਨ ਬਹਾਲ ਰੱਖਣਾ ਸੀ, ਜਿਸ ਵਿਚ ਪੂਰਨ ਕਾਮਯਾਬੀ ਮਿਲੀ ਹੈ।
ਉਨਾਂ ਦੱਸਿਆ ਕਿ ਜ਼ਿਲੇ ਦੇ ਵੋਟਰਾਂ ਵੱਲੋਂ ਅੱਜ ਪੂਰੇ ਉਤਸ਼ਾਹ ਨਾਲ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉਨਾਂ ਦੱਸਿਆ ਕਿ ਜ਼ਿਲੇ ਵਿਚ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਇਆ ਜੋ ਕਿ ਸ਼ਾਮ 6 ਵਜੇ ਤੱਕ ਚੱਲਿਆ। ਉਨਾਂ ਦੱਸਿਆ ਕਿ ਇਸ ਦੌਰਾਨ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਪੈਂਦੇ ਜ਼ਿਲੇ ਦੇ ਵਿਧਾਨ ਸਭਾ ਹਲਕੇ ਭੁਲੱਥ, ਫਗਵਾੜਾ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਪੈਂਦੇ ਜ਼ਿਲੇ ਦੇ ਹਲਕੇ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਉਨਾਂ ਦੱਸਿਆ ਕਿ ਜਿਥੇ ਜ਼ਿਲੇ ਦੇ ਸਾਰੇ 768 ਬੂਥਾਂ ਵਿਚ ਵੋਟਰਾਂ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਉਥੇ ਦਿਵਿਆਂਗ ਅਤੇ ਬਜ਼ੁਰਗ ਵੋਟਰਾਂ ਨੂੰ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਹਰੇਕ ਹਲਕੇ ਵਿਚ ਬਣਾਏ ਗਏ ਮਾਡਲ, ਮਹਿਲਾ ਅਤੇ ਦਿਵਿਆਂਗ ਵੋਟਰਾਂ ਦੇ ਬੂਥ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਉਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ।
ਇਸ ਦੌਰਾਨ ਇੰਜ: ਖਰਬੰਦਾ ਨੇ ਖੁਦ ਫੀਲਡ ਵਿਚ ਜਾ ਕੇ ਵੱਖ-ਵੱਖ ਪੋਲਿੰਗ ਬੂਥਾਂ ਦਾ ਮੁਆਇਨਾ ਕੀਤਾ, ਜਿਨਾਂ ਵਿਚ ਸ਼ਹਿਰ ਦੇ ਪੋਲਿੰਗ ਬੂਥਾਂ ਤੋਂ ਇਲਾਵਾ ਨਵਾਂ ਪਿੰਡ ਭੱਠੇ, ਪ੍ਰਵੇਜ ਨਗਰ, ਅਲੌਦੀਪੁਰ, ਅਕਬਰਪੁਰ, ਸੁਰਖਪੁਰ, ਸੰਗੋਜਲਾ ਅਤੇ ਢਿਲਵਾਂ ਆਦਿ ਸ਼ਾਮਿਲ ਸਨ। ਇਸ ਦੌਰਾਨ ਉਨਾਂ ਪੋਲਿੰਗ ਅਮਲ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਪੋਲਿੰਗ ਬੂਥਾਂ ਵਿਚ ਤਾਇਨਾਤ ਪੋਲਿੰਗ ਅਮਲੇ ਤੋਂ ਇਲਾਵਾ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਆਏ ਵੋਟਰਾਂ ਨਾਲ ਗੱਲਬਾਤ ਕੀਤੀ।
ਡਿਪਟੀ ਕਮਿਸ਼ਨਰ ਨੇ ਚੋਣ ਅਮਲ ਨੂੰ ਨਿਰਵਿਘਨ ਤੇ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਜ਼ਿਲਾ ਅਧਿਕਾਰੀਆਂ ਸਮੇਤ ਚੋਣ ਅਮਲ ਵਿੱਚ ਤਾਇਨਾਤ ਸਹਾਇਕ ਰਿਟਰਨਿੰਗ ਅਫ਼ਸਰਾਂ, ਪੋਲਿੰਗ ਪਾਰਟੀਆਂ ਵਿੱਚ ਸ਼ਾਮਿਲ ਪ੍ਰੀਜ਼ਾਈਡਿੰਗ ਅਫ਼ਸਰਾਂ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ, ਪੋਲਿੰਗ ਅਫ਼ਸਰਾਂ, ਮਾਈਕਰੋ ਆਬਜ਼ਰਵਰਾਂ, ਵੱਖ-ਵੱਖ ਟੀਮਾਂ, ਵੋਟਰਾਂ ਦੀ ਸਹਾਇਤਾ ਲਈ ਤਾਇਨਾਤ ਕੀਤੇ ਵਲੰਟੀਅਰਾਂ, ਸੁਰੱਖਿਆ ਦੇ ਇੰਤਜ਼ਾਮਾਂ ਵਿੱਚ ਤਾਇਨਾਤ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਦੀ ਉਚੇਚੇ ਤੌਰ ‘ਤੇ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਕੀਤੇ ਵਿਸ਼ੇਸ਼ ਯਤਨਾਂ ਸਦਕਾ ਹੀ ਚੋਣ ਅਮਲ ਨੂੰ ਸਮੇਂ ਸਿਰ ਸ਼ਾਂਤਮਈ ਢੰਗ ਨਾਲ ਨਿਪਟਾਉਣ ਵਿੱਚ ਕਾਮਯਾਬੀ ਮਿਲੀ ਹੈ।
2 Comments