Home
Punjabi News

ਜਲੰਧਰ, 4 ਮਾਰਚ :ਸ੍ਰੀ ਗਿਆਨ ਚੰਦ ਦੀਵਾਲੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਪੰਜਾਬ ਯੂਨਿਟ ਨੇ ਦਰਦਨਾਕ ਪੁਲਵਾਮਾ ਘਟਨਾ ਤੋਂ ਬਾਅਦ ਪੈਦਾ ਹੋਏ ਹਾਲਾਤ ਅਤੇ ਬਣੀ ਹੋਈ ਜੰਗ ਵਰਗੀ ਸਥਿਤੀ ਅਤੇ ਡਰ ਵਾਲੇ ਮਾਹੌਲ ‘ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਅਖੀਰ ਵਿਚ ਵਾਰਤਾਲਾਪ ਰਾਹੀਂ ਮੇਜ਼ ‘ਤੇ ਬੈਠ ਕੇ ਹੀ ਨਿਕਲਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਅੰਦਰ ਜਦੋਂ ਤਕਰੀਬਨ ਬਹੁਤੇ ਮੁਲਕਾਂ ਦੇ ਕੋਲ ਪਰਮਾਣੂ ਅਤੇ ਹਾਈਡਰੋਜ਼ਨ ਵਰਗੇ ਮਾਰੂ ਹਥਿਆਰ ਹਨ ਜੋ ਅੱਖ ਝਮਕਦੇ ਹੀ ਦੁਨੀਆਂ ਤਬਾਹ ਕਰ ਸਕਦੇ ਹਨ, ਅਜਿਹੇ ਵਿਚ ਜੰਗ ਬਾਰੇ ਸੋਚਣਾ ਮੂਰਖਤਾ ਤੋਂ ਵੱਧ ਕੁਝ ਨਹੀਂ। ਭਾਰਤੀ ਮੀਡੀਆ ਦੇ ਕੁਝ ਹਿੱਸੇ ਅਤੇ ਕੁਝ ਕੁ ਕਥਿਤ ਲੀਡਰਾਂ ਵੱਲੋਂ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਉਸ ਵਿਰੁੱਧ ਜੰਗ ਲਗਾਉਣ ਬਾਰੇ ਕੀਤਾ ਜਾ ਰਿਹਾ ਪ੍ਰਚਾਰ ਸਮੁੱਚੀ ਮਨੁੱਖਤਾ ਲਈ ਘਾਤਕ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਆਪੂੰ ਬਣੇ ਲੀਡਰ ਅਤੇ ਮੀਡੀਆ ਦੇ ਉਨ੍ਹਾਂ ਵਿਅਕਤੀਆਂ ਨੂੰ ਜਿਹੜੇ ਜੰਗ ਲਗਾਉਣ ਲਈ ਬਹੁਤੇ ਕਾਹਲੇ ਹਨ ਜਾਂ ਜਿਨ੍ਹਾਂ ਨੂੰ ਜੰਗ ਦਾ ਬਹੁਤਾ ਸ਼ੋਕ ਹੈ ਉਹ ਬਾਰਡਰ ‘ਤੇ ਜਾਣ ਅਤੇ ਸੈਨਾ ਦੇ ਜਵਾਨਾਂ ਦੀ ਥਾਂ ਲੜ ਕੇ ਆਪਣੀਆਂ ਸ਼ਹੀਦੀਆਂ ਦੇਣ। ਉਨ੍ਹਾਂ ਮਾਵਾਂ, ਉਨ੍ਹਾਂ ਪਤਨੀਆਂ ਅਤੇ ਉਨ੍ਹਾਂ ਪਰਿਵਾਰਾਂ ਨੂੰ ਪੁੱਛ ਕੇ ਉਨ੍ਹਾਂ ਦੇ ਦਰਦ ਨੂੰ ਸਮਝਣ ਦੀ ਲੋੜ ਹੈ, ਜਿਨ੍ਹਾਂ ਨੇ ਜੰਗਾਂ ਵਿਚ ਆਪਣੇ ਪੁੱਤਰ, ਪਤੀ ਅਤੇ ਪਰਿਵਾਰਕ ਮੈਂਬਰ ਗੁਆਏ ਹਨ। ਭਾਰਤ ਤੇ ਪਾਕਿਸਤਾਨ ਵਰਗੇ ਦੇਸ਼ ਜਿਨ੍ਹਾਂ ਦੀ ਆਰਥਿਕਤਾ ਪਹਿਲਾਂ ਹੀ ਨਿੱਘਰ ਚੁੱਕੀ ਹੈ ਅਤੇ ਅੱਧੋਂ ਵੱਧ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ, ਵਿਚਕਾਰ ਜੰਗ ਹੋਣੀ ਦੋਹਾਂ ਲਈ ਆਤਮਘਾਤੀ ਹੋਵੇਗੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤੀ ਹਵਾਈ ਸੈਨਾ ਦੇ ਪਾਇਲਟ ਅਭੀਨੰਦਨ ਨੂੰ ਛੱਡਣ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤੀ ਸਰਕਾਰ ਨੂੰ ਇਸ ਫੈਸਲੇ ਨੂੰ ਸਕਾਰਆਤਮਿਕ ਰੂਪ ਵਿਚ ਲੈ ਕੇ ਗੱਲਬਾਤ ਦਾ ਰਸਤਾ ਅਖਤਿਆਰ ਕਰਨਾ ਚਾਹੀਦਾ ਹੈ। ਸ੍ਰੀ ਗਿਆਨ ਚੰਦ ਨੇ ਉਨ੍ਹਾਂ ਸਾਰੀਆਂ ਰਾਜਸੀ ਪਾਰਟੀਆਂ ਅਤੇ ਲੀਡਰ ਜਿਹੜੇ ਅਜਿਹੇ ਮਾਹੌਲ ਤੋਂ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ, ਵੋਟਾਂ ਦੀ ਰਾਜਨੀਤੀ ਕਰ ਰਹੇ ਹਨ, ਇੱਥੋਂ ਤੱਕ ਕਿ ਸੈਨਾਵਾਂ ਦੇ ਜਵਾਨਾਂ ਦੀਆਂ ਸ਼ਹੀਦੀਆਂ ਤੋਂ ਵੀ ਰਾਜਨੀਤਕ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਨੂੰ ਤੁਰੰਤ ਅਜਿਹਾ ਕਰਨ ਤੋਂ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਸ਼ਮੀਰ ਮੁੱਦੇ ‘ਤੇ ਆਪਣੇ ਆਪਣੇ ਮੌਜੂਦਾ ਸਟੈਂਡ ਤੇ ਦੁਬਾਰਾ ਵਿਚਾਰ ਕਰਨ ਅਤੇ ਇਸ ਮੁੱਦੇ ਦਾ ਗੱਲਬਾਤ ਰਾਹੀਂ ਹੱਲ ਕਰਕੇ ਇਸ ਖਿਤੇ ਵਿਚ ਸ਼ਾਂਤੀ ਬਹਾਲ ਕਰਨ।

Most Read

All Time Favorite

Categories