Home
Punjabi News
ਵਿਰੋਧੀ ਪਾਰਟੀਆਂ ਨੂੰ ਸਿਆਸੀ ਲਾਹੇ ਲਈ ਮੁੱਦਿਆਂ ਦਾ ਰਾਜਸੀਕਰਨ ਨਹੀਂ ਕਰਨਾ ਚਾਹੀਦਾ-ਮੇਅਰ ਬਲਕਾਰ ਸਿੰਘ
-ਸੁਖਪਾਲ ਸਿੰਘ ਖਹਿਰਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਦਾ ਘਿਰਾਉ ਕਰਨ ਨਾ ਪਹੁੰਚੇ
ਲੁਧਿਆਣਾ, 28 ਫਰਵਰੀ :-ਸੀ. ਐੱਲ. ਯੂ. ਮਾਮਲੇ ’ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ੍ਰ. ਸੁਖਪਾਲ ਸਿੰਘ ਖਹਿਰਾ ਨੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਸੀ ਪਰ ਉਹ ਨਾ ਪਹੁੰਚੇ। ਜਿਸ ਉਪਰੰਤ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਜ਼ਿਲ੍ਹਾ ਪ੍ਰਧਾਨ ਸ੍ਰ. ਕਰਨਜੀਤ ਸਿੰਘ, ਡਾ. ਜੈਪ੍ਰਕਾਸ਼, ਸ੍ਰੀ ਨਰਿੰਦਰ ਸ਼ਰਮਾ, ਸ੍ਰ. ਦਿਲਰਾਜ ਸਿੰਘ, ਸ੍ਰੀਮਤੀ ਸੀਮਾ ਕਪੂਰ, ਸ੍ਰ. ਮਹਾਰਾਜ ਸਿੰਘ, ਸ੍ਰ. ਗੁਰਪ੍ਰੀਤ ਸਿੰਘ ਗੋਗੀ, ਸ੍ਰ. ਹਰੀ ਸਿੰਘ ਬਰਾੜ, ਸ੍ਰੀ ਸੰਨੀ ਭੱਲਾ, ਸ੍ਰ. ਰੁਪਿੰਦਰ ਸਿੰਘ, ਸ੍ਰੀਮਤੀ ਪੂਨਮ ਮਲਹੋਤਰਾ, ਸ੍ਰੀਮਤੀ ਜਸਵਿੰਦਰ ਕੌਰ ਠੁਕਰਾਲ, ਸ੍ਰੀ ਪੰਕਜ ਕਾਕਾ, ਸ੍ਰ. ਬਲਜਿੰਦਰ ਸਿੰਘ ਬੰਟੀ (ਸਾਰੇ ਕੌਂਸਲਰ), ਸ੍ਰੀ ਸੁਨੀਲ ਕਪੂਰ, ਸ੍ਰੀ ਹੇਮ ਰਾਜ ਅਗਰਵਾਲ, ਕਾਂਗਰਸੀ ਆਗੂ ਸ੍ਰ. ਈਸ਼ਵਰਜੋਤ ਸਿੰਘ ਚੀਮਾ ਅਤੇ ਹੋਰ ਨੇਤਾਵਾਂ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕੀਤਾ।
ਇਸ ਮੌਕੇ ਮੇਅਰ ਸੰਧੂ ਨੇ ਦੱਸਿਆ ਕਿ ਸੁਖਪਾਲ ਸਿੰਘ ਖਹਿਰਾ ਨੂੰ ਕੈਬਨਿਟ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕਰਨ ਤੋਂ ਪਿੱਛੇ ਇਸ ਕਰਕੇ ਹੱਟਣਾ ਪਿਆ ਕਿਉਂਕਿ ਉਸ ਦੇ ਸੱਦੇ ’ਤੇ ਸਮਰਥਕ ਨਹੀਂ ਪੁੱਜੇ। ਉਨ੍ਹਾਂ ਕਿਹਾ ਕਿ ਸ੍ਰ. ਖਹਿਰਾ ਸਵੇਰੇ ਕੋਚਰ ਮਾਰਕੀਟ ਵਿੱਚ ਪਹੁੰਚੇ ਸਨ ਪਰ ਸਮਰਥਕਾਂ ਦੀ ਘੱਟ ਗਿਣਤੀ ਨੂੰ ਦੇਖਦਿਆਂ ਉਨ੍ਹਾਂ ਨੂੰ ਘਿਰਾਉ ਰੱਦ ਕਰਨਾ ਪਿਆ। ਮੇਅਰ ਨੇ ਕਿਹਾ ਕਿ ਖਹਿਰਾ ਵੱਲੋਂ ਕਥਿਤ ਤੌਰ ’ਤੇ ਦਾਗੀ ਅਧਿਕਾਰੀਆਂ ਦੇ ਹੱਕ ਵਿੱਚ ਖੜਨ ਨਾਲ ਉਨ੍ਹਾਂ ਦੀ ਆਪਣੀ ਭਰੋਸੇਯੋਗਤਾ ’ਤੇ ਕਈ ਸਵਾਲ ਪੈਦਾ ਹੁੰਦੇ ਹਨ। ਸਾਰੀ ਕਾਂਗਰਸ ਪਾਰਟੀ ਅੱਜ ਸ੍ਰ. ਖਹਿਰਾ ਦੀ ਉਡੀਕ ਕਰ ਰਹੀ ਸੀ ਕਿਉਂਕਿ ਪਾਰਟੀ ਵਰਕਰ ਉਨ੍ਹਾਂ ਨਾਲ ਸਵਾਲ ਜਵਾਬ ਕਰਨਾ ਚਾਹੁੰਦੇ ਸਨ ਪਰ ਉਹ ਨਾ ਪਹੰੁਚੇ।
ਸ੍ਰ. ਸੰਧੂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਸਿਆਸੀ ਲਾਹੇ ਲਈ ਅਜਿਹੇ ਮੁੱਦਿਆਂ ਦਾ ਰਾਜਸੀਕਰਨ ਨਹੀਂ ਕਰਨਾ ਚਾਹੀਦਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਉੱਚ ਤਾਕਤੀ ਕਮੇਟੀ ਤੋਂ ਕਰਾਉਣ ਬਾਰੇ ਵਿਧਾਨ ਸਭਾ ਨੂੰ ਭਰੋਸਾ ਦਿਵਾਇਆ ਹੋਇਆ ਹੈ। ਜੇਕਰ ਸ੍ਰੀ ਭਾਰਤ ਭੂਸ਼ਣ ਆਸ਼ੂ ਜਾਂਚ ਵਿੱਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਹ ਖੁਦ ਸ੍ਰੀ ਆਸ਼ੂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਹਿ ਦੇਣਗੇ। ਕਾਂਗਰਸ ਪਾਰਟੀ ਨੂੰ ਸਰਕਾਰ ਦੀ ਸਾਫ਼ ਨੀਅਤ ਅਤੇ ਪਾਰਦਰਸ਼ਤਾ ’ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਘੱਟੋ-ਘੱਟ ਜਾਂਚ ਕਮੇਟੀ ਦੀ ਰਿਪੋਰਟ ਦਾ ਇੰਤਜ਼ਾਰ ਤਾਂ ਜ਼ਰੂਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਾਂ ਤਾਂ ਵਿਰੋਧੀ ਪਾਰਟੀਆਂ ਨੂੰ ਵਿਧਾਨ ਸਭਾ ’ਤੇ ਹੀ ਭਰੋਸਾ ਨਹੀਂ ਜਾਂ ਫਿਰ ਉਹ ਮਹਿਜ਼ ਸਿਆਸੀ ਲਾਹਾ ਲੈਣ ਲਈ ਹੀ ਘਟੀਆ ਰਾਜਨੀਤੀ ਖੇਡ ਰਹੇ ਹਨ।
ਕੌਂਸਲਰ ਮਮਤਾ ਆਸ਼ੂ ਨੇ ਕਿਹਾ ਕਿ ਉਹ ਅੱਜ ਸੁਖਪਾਲ ਖਹਿਰਾ ਨਾਲ ਚਰਚਾ ਕਰਨਾ ਚਾਹੁੰਦੇ ਸਨ, ਜਿਸ ਲਈ ਉਨ੍ਹਾਂ ਨੇ ਪਾਰਕ ਵਿੱਚ ਵੱਡੀ ਮਾਤਰਾ ਵਿੱਚ ਕੁਰਸੀਆਂ, ਫੁੱਲਾਂ ਆਦਿ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ। ਸ੍ਰੀ ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਨਗਰ ਨਿਗਮ ਦੇ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਅਤੇ ਨਗਰ ਸੁਧਾਰ ਟਰੱਸਟ ਦੇ ਨਿਗਰਾਨ ਇੰਜੀਨੀਅਰ ਰਾਕੇਸ਼ ਗਰਗ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ, ਜਿਸ ਕਾਰਨ ਉਹ ਪਿੱਛੇ ਜਿਹੇ ਮੁਅੱਤਲ ਵੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਆਸ਼ੂ ਨੇ ਧਰਤਲ ’ਤੇ ਲੋਕਾਂ ਨਾਲ ਜੁੜੇ ਹੋਣ ਕਾਰਨ ਹੀ ਦੋਵਾਂ ਅਧਿਕਾਰੀਆਂ ਨੂੰ ਫੋਨ ਕੀਤਾ ਸੀ, ਜਿਸ ਦੀ ਅਧਿਕਾਰੀਆਂ ਨੇ ਰਿਕਾਰਡਿੰਗ ਕੀਤੀ, ਜੋ ਕਿ ਨਿਯਮਾਂ ਦੇ ਉੱਲਟ ਹੈ।
ਉਨ੍ਹਾਂ ਇਸ ਗੱਲ ’ਤੇ ਵੀ ਸਵਾਲ ਕੀਤਾ ਕਿ ਇਹ ਕਿਸ ਤਰ੍ਹਾਂ ਹੋਇਆ ਕਿ ਇਹ ਦੋਵੇਂ ਰਿਕਾਰਡਿੰਗਜ਼ ਜੋ ਕਿ ਵੱਖ-ਵੱਖ ਸਮੇਂ ਰਿਕਾਰਡ ਹੋਈਆਂ ਅਤੇ ਵਾਇਰਲ ਇੱਕੋ ਵੇਲੇ ਹੋ ਗਈਆਂ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਕਥਿਤ ਦਾਗੀ ਅਧਿਕਾਰੀ ਵਿਰੋਧੀ ਪਾਰਟੀਆਂ ਦੇ ਇਸ਼ਾਰੇ ’ਤੇ ਕੰਮ ਕਰ ਰਹੀਆਂ ਹਨ ਤਾਂ ਜੋ ਕਾਂਗਰਸ ਪਾਰਟੀ ਦੀ ਦਿੱਖ ਨੂੰ ਆਮ ਲੋਕਾਂ ਵਿੱਚ ਵਿਗਾੜਿਆ ਜਾਵੇ।

All Time Favorite

Categories