Home » ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਵਿਤਾ ਉਚਾਰਨ ਮਕਾਬਲੇ ਅੱਜ ਤੋਂ
Punjabi News

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਵਿਤਾ ਉਚਾਰਨ ਮਕਾਬਲੇ ਅੱਜ ਤੋਂ

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਵਿਤਾ ਉਚਾਰਨ ਮਕਾਬਲੇ ਅੱਜ ਤੋਂ ਨਵਾਂਸ਼ਹਿਰ, 2 ਅਗਸਤ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ’ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਤੀਸਰੀ ਪ੍ਰਤੀਯੋਗਤਾ ਕਵਿਤਾ ਉਚਾਰਨ ਭਲਕੇ 3 ਅਗਸਤ ਤੋਂ ਆਰੰਭ ਹੋਵੇਗੀ। ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ ਦੀ ਦੇਖ-ਰੇਖ ’ਚ ਇਨਾਂ ਮੁਕਾਬਲਿਆਂ ਦੀਆਂ ਪਹਿਲੀਆਂ ਦੋ ਪ੍ਰਤੀਯੋਗਤਾਵਾਂ ਸ਼ਬਦ ਤੇ ਗੀਤ ਗਾਇਨ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ 53 ਹਜ਼ਾਰ ਤੋਂ ਵਧੇਰੇ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਚੁੱਕੇ ਹਨ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ’ਚ ਹਿੱਸਾ ਲਿਆ। ਜ਼ਿਲਾ ਸਿੱਖਿਆ ਅਫਸਰ (ਸੈ.ਸਿ) ਸੁਸ਼ੀਲ ਕੁਮਾਰ ਤੁਲੀ ਅਤੇ ਜ਼ਿਲਾ ਸਿੱਖਿਆ ਅਫਸਰ (ਐਲੀ.) ਪਵਨ ਕੁਮਾਰ ਨੇ ਦੱਸਿਆ ਕਿ ਰਾਜ ਸਿੱਖਿਆ, ਸਿਖਲਾਈ ਤੇ ਖੋਜ ਪ੍ਰੀਸ਼ਦ ਵੱਲੋਂ ਨਿਰਦੇਸ਼ਕ ਜਗਤਾਰ ਸਿੰਘ ਕੂਲੜੀਆਂ ਦੀ ਨਿਰਦੇਸ਼ਨਾ ’ਚ ਕਰਵਾਏ ਜਾ ਰਹੇ ਇਨਾਂ ਸਕੂਲ ਪੱਧਰ ਦੇ ਕਵਿਤਾ ਉਚਾਰਨ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ 3 ਤੋਂ 7 ਅਗਸਤ ਰਾਤ 12 ਵਜੇ ਤੱਕ ਆਪਣੀ ਪੇਸ਼ਕਾਰੀ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ’ਤੇ ਅਪਲੋਡ (ਪਬਲਿਕ ਲਈ) ਕਰ ਸਕਦੇ ਹਨ। ਸਾਰੇ ਵਰਗਾਂ ਦੇ ਪ੍ਰਤੀਯੋਗੀ 3 ਤੋਂ 5 ਮਿੰਟ ’ਚ ਕਵਿਤਾ ਉਚਾਰਨ ਕਰਕੇ, ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਕਵਿਤਾ ਪੂਰੀ ਤਰਾਂ ਗੁਰ ਮਰਿਆਦਾ ਤੇ ਨਿਯਮਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ, ਜੀਵਨ, ਸਿਧਾਂਤਾਂ, ਉਦੇਸ਼ਾਂ, ਉਸਤਤ ਤੇ ਕੁਰਬਾਨੀ ’ਤੇ ਆਧਾਰਿਤ ਪੇਸ਼ ਕੀਤੇ ਜਾਣਗੇ। ਸਾਜ਼ ਵਜਾਉਣ ਅਤੇ ਪੜ ਕੇ ਕਵਿਤਾ ਉਚਾਰਨ ਦੀ ਪੂਰਨ ਮਨਾਹੀ ਹੋਵੇਗੀ। ਕਵਿਤਾ ਪੰਜਾਬੀ/ਅੰਗਰੇਜ਼ੀ/ਹਿੰਦੀ ਭਾਸ਼ਾ ’ਚ ਉਚਾਰੀ ਜਾ ਸਕਦੀ ਹੈ। ਕਵਿਤਾ ਦੀ ਲਗਾਤਾਰਤਾ ’ਚ ਵੀਡੀਓ ਬਣਾਉਣ ਸਮੇਂ ਸਿਰਫ ਪ੍ਰਤੀਯੋਗੀ ਹੀ ਵੀਡੀਓ ’ਚ ਦਿਖਾਈ ਦੇ ਸਕਦਾ ਹੈ। 8 ਅਗਸਤ ਨੂੰ ਵੱਖ-ਵੱਖ ਸਕੂਲਾਂ ਦੇ ਪਹਿਲੇ ਸਥਾਨ ‘ਤੇ ਰਹਿਣ ਵਾਲੇ ਪ੍ਰਤੀਯੋਗੀਆਂ ਦੀਆਂ ਵੀਡੀਓਜ਼ ਦੇ ਲਿੰਕ ਅਤੇ ਬਾਕੀ ਪ੍ਰਤੀਯੋਗੀਆਂ ਦੇ ਵੇਰਵੇ ਸਬੰਧਤ ਸਕੂਲ ਮੁਖੀ ਤੇ ਅਧਿਆਪਕ ਵਿਭਾਗ ਦੀ ਤਕਨੀਕੀ ਟੀਮ ਵੱਲੋਂ ਦਿੱਤੇ ਗਏ ਗੂਗਲ ਫਾਰਮ ’ਚ ਭਰਨਗੇ। ਇਸ ਤੋਂ ਬਾਅਦ 9 ਅਗਸਤ ਨੂੰ ਸਟੇਟ ਤਕਨੀਕੀ ਟੀਮ ਵੱਲੋਂ ਬਲਾਕ, ਜ਼ਿਲਾ ਤੇ ਰਾਜ ਪੱਧਰੀ ਦੇ ਨਤੀਜਿਆਂ ਦੀ ਪ੍ਰਕਿਰਿਆ ਆਰੰਭ ਕੀਤੀ ਜਾਵੇਗੀ। ਇਸ ਮੌਕੇ ਜ਼ਿਲਾ ਨੋਡਲ ਅਫਸਰ (ਐਲੀ.) ਗੁਰਦਿਆਲ ਸਿੰਘ ਮਾਨ ਤੇ ਜ਼ਿਲਾ ਨੋਡਲ ਅਫਸਰ (ਸੈ.) ਸ਼ੈਲੀ ਸ਼ਰਮਾ ਨੇ ਦੱਸਿਆ ਕਿ ਕਵਿਤਾ ਉਚਾਰਨ ਮੁਕਾਬਲੇ ’ਚ ਵੀ ਸਹੀਦ ਭਗਤ ਸਿੰਘ ਨਗਰ ਜ਼ਿਲਾ ਪਹਿਲੇ ਦੋ ਮੁਕਾਬਲਿਆਂ ਵਾਂਗ ਮੋਹਰੀ ਸਥਾਨਾਂ ’ਤੇ ਰਹਿਣ ਲਈ ਯਤਨ ਕਰੇਗਾ।

Our Correspondent:

All Time Favorite

Categories