Punjabi News

ਸ਼ਹੀਦੀ ਜੋੜ ਮੇਲ ਮੌਕੇ ਪੰਜਾਬ ਤੇ ਹਿਮਾਚਲ ਦੇ ਸਾਬਤ-ਸੂਰਤ ਖਿਡਾਰੀਆਂ ਦਾ ਫੁੱਟਬਾਲ ਮੈਚ 28 ਦਸੰਬਰ ਨੂੰ

ਸ਼ਹੀਦੀ ਜੋੜ ਮੇਲ ਮੌਕੇ ਪੰਜਾਬ ਤੇ ਹਿਮਾਚਲ ਦੇ ਸਾਬਤ-ਸੂਰਤ ਖਿਡਾਰੀਆਂ ਦਾ ਫੁੱਟਬਾਲ ਮੈਚ 28 ਦਸੰਬਰ ਨੂੰ

ਕੇਸਾਧਾਰੀ ਖਿਡਾਰੀਆਂ ਲਈ ਸਿੱਖ ਫੁੱਟਬਾਲ ਕੱਪ 30 ਜਨਵਰੀ ਤੋਂ : ਗਰੇਵਾਲ

ਸਾਬਤ-ਸੂਰਤ ਖਿਡਾਰੀਆਂ ਦੇ ਟੂਰਨਾਮੈਂਟ ਨੂੰ ਸ਼ੋਮਣੀ ਕਮੇਟੀ ਦੇਵੇਗੀ ਪੂਰਾ ਸਹਿਯੋਗ : ਪੰਜੋਲੀ

Tribune News Line Bureau:

ਫ਼ਤਹਿਗੜ੍ਹ ਸਾਹਿਬ,3 ਦਸੰਬਰ,2019:   ਸਿੱਖ ਨੌਜਵਾਨਾਂ ਨੂੰ ਕੇਸਾਧਾਰੀ ਵਜੋਂ ਪਹਿਚਾਣ ਬਣਾਈ ਰੱਖਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਤਹਿਤ ਖਾਲਸਾ ਫੁੱਟਬਾਲ ਕਲੱਬ (ਖ਼ਾਲਸਾ ਐਫਸੀ) ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵੱਲੋਂ ਪੰਜਾਬ ਵਿੱਚ ਪਹਿਲਾ ‘ਸਿੱਖ ਫੁੱਟਬਾਲ ਕੱਪ’ 30 ਜਨਵਰੀ ਤੋਂ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਕਰਵਾਇਆ ਜਾ ਰਿਹਾ ਹੈ। ਫੀਫਾ ਦੇ ਨਿਯਮਾਂ ਤਹਿਤ ਹੋਣ ਵਾਲੇ ਇਸ ਟੂਰਨਾਮੈਂਟ ਦੀ ਕੜੀ ਵਜੋਂ ਸ਼ਹੀਦੀ ਜੋੜ ਮੇਲ ਮੌਕੇ ਫ਼ਤਹਿਗੜ੍ਹ ਸਾਹਿਬ ਵਿਖੇ ਵੀ ਸਾਬਤ-ਸੂਰਤ ਖਿਡਾਰੀਆਂ ਦਾ ਫੁੱਟਬਾਲ ਮੁਕਾਬਲਾ 28 ਦਸੰਬਰ ਨੂੰ ਮਾਤਾ ਗੁਜਰੀ ਕਾਲਜ ਦੇ ਖੇਡ ਮੈਦਾਨ ਵਿੱਚ ਹੋਵੇਗਾ।

          ਇਸ ਸਬੰਧੀ ਫ਼ੈਸਲਾ ਅੱਜ ਇੱਥੇ ਗੁਰਦਵਾਰਾ ਫ਼ਤਹਿਗੜ੍ਹ ਸਾਹਿਬ ਵਿਖੇ ਖ਼ਾਲਸਾ ਐਫਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਹਾਜ਼ਰੀ ਵਿੱਚ ਹੋਈ ਕਲੱਬ ਦੇ ਅਹੁਦੇਦਾਰਾਂ ਦੀ ਹੋਈ ਉਚੇਚੀ ਮੀਟਿੰਗ ਦੌਰਾਨ ਕੀਤਾ ਗਿਆ ਜਿਸ ਵਿੱਚ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਕਲੱਬ ਦੇ ਸੰਯੁਕਤ ਸਕੱਤਰ ਗੁਰਬੰਸ ਸਿੰਘ, ਜਿਲਾ ਕੋਆਰਡੀਨੇਟਰ ਜਗਦੇਵ ਸਿੰਘ, ਫੁੱਟਬਾਲ ਕੋਚ ਅਮਰਜੀਤ ਸਿੰਘ ਕੋਹਲੀ ਅਤੇ ਬਹਾਦਰ ਸਿੰਘ ਵੀ ਹਾਜਰ ਸਨ।

          ਖਾਲਸਾ ਐਫਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਅੰਤਰ-ਜ਼ਿਲਾ ਟੂਰਨਾਮੈਂਟ ਨਾਕ-ਆਊਟ ਵਿਧੀ ਦੇ ਅਧਾਰ ‘ਤੇ ਖੇਡਿਆ ਜਾਵੇਗਾ ਜਿਸ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ 23 ਜਿਲਿਆਂ ਦੇ ਸਾਬਤ-ਸੂਰਤ ਖਿਡਾਰੀ ਭਾਗ ਲੈਣਗੇ। ਉਂਨਾਂ ਇਹ ਵੀ ਦੱਸਿਆ ਕਿ ਵੱਖ-ਵੱਖ ਜ਼ਿਲਿ੍ਹਆਂ ਵਿੱਚ ਹੋਣ ਵਾਲੇ ਸਾਰੇ ਫੁੱਟਬਾਲ ਮੈਚਾਂ ਦੌਰਾਨ ਸਿੱਖ ਜੰਗਜੂ ਕਲਾ ਗੱਤਕੇ ਦੀ ਪ੍ਰਦਰਸ਼ਨੀ ਵੀ ਹੋਵੇਗੀ।

ਗਰੇਵਾਲ ਨੇ ਦੱਸਿਆ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਜੁੜੇ ਖਾਲਸਾ ਐਫਸੀ ਨੂੰ ਜ਼ਿਲਾ ਪੱਧਰੀ ਫੁੱਟਬਾਲ ਟੀਮਾਂ ਦੇ ਚੋਣ ਟਰਾਇਲਾਂ ਮੌਕੇ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ ਜਿਸ ਵਿੱਚ ਵੱਖ-ਵੱਖ ਜਿਲਿਆਂ ਤੋਂ ਕਰੀਬ 2200 ਕੇਸਧਾਰੀ ਬੱਚਿਆਂ ਨੇ ਭਾਗ ਲਿਆ।

          ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਪੰਜੋਲੀ ਨੇ ਖਾਲਸਾ ਐਫਸੀ ਵੱਲੋਂ ਸਾਬਤ-ਸੂਰਤ ਖਿਡਾਰੀਆਂ ਦੇ ਫੁੱਟਬਾਲ ਟੂਰਨਾਮੈਂਟ ਕਰਵਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਅੰਦਰ ਰਹਿਤ ਤੇ ਸਿੱਖੀ ਭਾਵਨਾ ਭਰਨ ਲਈ ਸਾਹਿਬਜ਼ਾਦਿਆਂ ਦੇ ਪਵਿੱਤਰ ਅਸਥਾਨ ਉੱਪਰ ਖੇਡਾਂ ਰਾਹੀਂ ਅਜਿਹੀ ਪਹਿਲਕਦਮੀ ਉਸਾਰੂ ਉੱਦਮ ਹੈ ਅਤੇ ਜਿਸ ਲਈ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਬੰਧਕਾਂ ਨੂੰ ਪੂਰਾ ਸਹਿਯੋਗ ਦੇਵੇਗੀ। ਉਂਨਾਂ ਕਿਹਾ ਇਸ ਟੂਰਨਾਮੈਂਟ ਦਾ ਉਦਘਾਟਨ ਸ਼ੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਕਰਨਗੇ ਜਦਕਿ ਟੂਰਨਾਮੈਂਟ ਦੀ ਚੜਦੀਕਲਾ ਦੀ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕਰਨਗੇ।

          ਇਸ ਮੌਕੇ ਗੁਰਦਵਾਰਾ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਨੌਜਵਾਨਾਂ ਦੀਆਂ ਕੇਸਾਧਾਰੀ ਟੀਮਾਂ ਤਿਆਰ ਕਰਕੇ ਖੇਡਾਂ ਕਰਵਾਉਣ ਲਈ ਖਾਲਸਾ ਐਫਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਸ਼ੇਰ ਸਿੰਘ, ਲਖਵੀਰ ਸਿੰਘ ਸਾਬਕਾ ਚੇਅਰਮੈਨ, ਨਰਿੰਦਰ ਸਿੰਘ ਰਸੀਦਪੁਰਾ, ਮਾਰਕੀਟ ਕਮੇਟੀ ਬੱਸੀ ਦੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਬਾਂਬਲਾ, ਜਥੇ: ਕੁਲਵੰਤ ਸਿੰਘ ਖਰੌੜਾ, ਹਰਪ੍ਰੀਤ ਸਿੰਘ ਗਿੱਲ, ਜੈਤਸ਼ਾਹੂਦੀਪ ਸਿੰਘ ਗਰੇਵਾਲ, ਹਰੀਸ਼ ਧੁੱਪੜ ਸਮੇਤ ਵੱਡੀ ਗਿਣਤੀ ਵਿਚ ਸ਼ਖਸ਼ੀਅਤਾਂ ਹਾਜਰ ਸਨ।

All Time Favorite

Categories