Punjabi News

ਯੋਧਿਆਂ ਦੀ ਤਰ੍ਹਾਂ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਕਰ ਰਿਹੈ ਕੋਰੋਨਾ ਦਾ ਸਾਹਮਣਾ : ਡਾ. ਸੰਜੀਵ

ਕੋਰੋਨਾ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ
ਪੰਜਾਬ ਸਰਕਾਰ ਤੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਸਹੂਲਤਾਂ ਲਈ ਕੀਤਾ ਧੰਨਵਾਦ
ਕੋਰੋਨਾ ਨੂੰ ਮਾਤ ਦੇਣ ਵਾਲੀ ਬਸੀ ਪਠਾਣਾ ਦੀ ਸਟਾਫ ਨਰਸ ਮਰੀਅਮ ਖਾਨ ਤੇ  ਦਿਨੇਸ਼ ਕੁਮਾਰ ਨੇ ਦਿੱਤੀ ਕੋਰੋਨਾ ਨੂੰ ਮਾਤ
ਹੋਰਨਾਂ ਨੂੰ ਆਪਣਾ ਟੈਸਟ ਬਿਨਾਂ ਕਿਸੇ ਡਰ ਤੋਂ ਕਰਵਾਉਣ ਦਾ ਦਿੱਤਾ ਸੁਨੇਹਾ

ਫ਼ਤਹਿਗੜ੍ਹ ਸਾਹਿਬ, 06 ਸਤੰਬਰ:  ਕੋਰੋਨਾ ਵਾਇਰਸ ਇੱਕ ਤਰ੍ਹਾਂ ਦੀ ਜੰਗ ਹੈ ਜਿਸ ਦਾ ਮੁਕਾਬਲਾ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਵੱਲੋਂ ਕੀਤਾ ਜਾ ਰਿਹਾ ਹੈ। ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਬਦੌਲਤ ਹੀ ਜਿ਼ਲ੍ਹੇ ਦੇ ਕਾਫੀ ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਇਹ ਕਹਿਣਾ ਹੈ ਕੋਰੋਨਾ ਨੂੰ ਮਾਤ ਦੇਣ ਵਾਲੇ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ ਦਾ, ਜਿਹਨਾਂ ਨੂੰ ਕਿ 5 ਅਗਸਤ ਨੂੰ ਕੋਰੋਨਾ ਪੋਜੇਟਿਵ ਆਇਆ ਸੀ ਅਤੇ ਉਨ੍ਹਾਂ ਨੇ ਸਰਕਾਰ ਵੱਲੋਂ ਦਿੱਤੀ ਘਰ ਇਕਾਂਤਵਾਸ ਦੀ ਸੁਵਿਧਾ ਲੈ ਕੇ ਆਪਣੇ ਘਰ ਹੀ ਆਪਣਾ ਇਲਾਜ ਕਰਵਾਇਆ। ਉਨ੍ਹਾਂ ਦੱਸਿਆ ਕਿ ਬਿਮਾਰੀ ਦੌਰਾਨ ਸਮੇਂ-ਸਮੇਂ ਸਿਰ ਡਾਕਟਰ ਦਵਾਈਆਂ ਅਤੇ ਹੋਰ ਜਰੂਰਤਾਂ ਬਾਰੇ ਪੁੱਛਦੇ ਸਨ ਅਤੇ ਜੇਕਰ ਉਨ੍ਹਾਂ ਨੂੰ ਲੱਗਦਾ ਸੀ ਤਾਂ ਕਿ ਕਿਸੇ ਚੀਜ ਦੀ ਘਾਟ ਹੈ ਤਾਂ ਉਹ ਤੁਰੰਤ ਉਸਦਾ  ਪ੍ਰਬੰਧ ਕਰਦੇ ਸਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ  ਕਾਰਨ ਉਹ ਸਰਕਾਰ ਦੇ ਧੰਨਵਾਦੀ ਹਨ। ਉਨ੍ਹਾਂ ਲੋਕਾਂ ਨੂੰ ਇਹ ਵੀ ਕਿਹਾ ਕਿ ਕੋਰੋਨਾ ਟੈਸਟ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ’ਤੇ ਯਕੀਨ ਨਾ ਕਰੋ ਅਤੇ ਆਪਣਾ ਟੈਸਟ ਕਰਵਾਉਣ ’ਚ ਦੇਰੀ ਨਾ ਕਰੋ ਕਿਉਂਕਿ ਜੇਕਰ ਟੈਸਟ ਕਰਵਾਉਣ ਵਿੱਚ ਦੇਰੀ ਕਰੋਗੇ ਤਾਂ ਜੇਕਰ ਕੋਰੋਨਾ ਪੋਜੋਟਿਵ ਆਉਂਦਾ ਹੈ ਤਾਂ ਸਮੇਂ ਸਿਰ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਟੈਸਟ ਵਿੱਚ ਦੇਰੀ ਕਰਨ ਨਾਲ ਬਿਮਾਰੀ ਨੂੰ ਬੜਾਵਾ ਦੇਣ ਬਰਾਬਰ ਹੈ।
ਬਸੀ ਪਠਾਣਾ ਦੀ ਨਿਰਮਲਜੀਤ ਕੌਰ ਜਿਸ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ, ਨੂੰ ਆਈਸੋਲੇਸ਼ਨ ਸੈਂਟਰ ਬ੍ਰਾਹਮਣ ਮਾਜਰਾ ਸਰਹਿੰਦ ਵਿਖੇ ਕੋਰੋਨਾ ਪੋਜੇਟਿਵ ਹੋਣ ਕਾਰਨ ਭਰਤੀ ਕੀਤਾ ਗਿਆ ਸੀ। ਉਸਦਾ  ਕਹਿਣਾ ਹੈ ਕਿ ਉਹ 10 ਦਿਨ ਤੋਂ ਭਰਤੀ ਹੈ ਅਤੇ ਹੁਣ ਉਸ ਨੂੰ ਪਹਿਲਾਂ ਨਾਲੋਂ ਕਾਫੀ ਚੰਗਾ ਲੱਗ ਰਿਹਾ ਹੈ । ਉਸ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਇਲਾਜ ਕਰ ਰਹੇ ਡਾਕਟਰ ਤੇ ਨਰਸਿੰਗ ਸਟਾਫ ਵਾਰ-ਵਾਰ ਉਨ੍ਹਾਂ ਦਾ ਹਾਲ ਚਾਲ ਪੁੱਛਦੇ ਹਨ ਤੇ ਸਮੇਂ ਸਿਰ ਦਵਾਈ ਦਿੱਤੀ ਜਾਂਦੀ ਹੈ। ਜਿਸ ਕਾਰਨ ਹੁਣ ਉਹ ਠੀਕ ਹੈ।
ਇਸੇ ਤਰ੍ਹਾਂ ਜੱਸੜਾਂ ਪਿੰਡ ਦੀ ਹਰਪ੍ਰੀਤ ਕੌਰ ਨੇ ਦੱਸਿਆ ਕਿ 21 ਅਗਸਤ ਨੂੰ ਉਸ ਨੂੰ ਬ੍ਰਾਹਮਣ ਮਾਜਰਾ ਵਿਖੇ ਬਣਾਏ ਗਏ ਆਈਸੋਲੇਸ਼ਨ ਸੈਂਟਰ ਵਿੱਚ ਭਰਤੀ ਕੀਤਾ ਗਿਆ ਸੀ ਅਤੇ ਜਦੋਂ ਤੋਂ ਉਹ ਭਰਤੀ ਹੋਈ ਹੈ ਉਦੋਂ ਤੋਂ ਹੀ ਡਾਕਟਰ ਤੇ ਹੋਰ ਸਟਾਫ ਸਾਰੇ ਮਰੀਜਾਂ ਦਾ ਪੂਰਾ ਖਿਆਲ ਰੱਖ ਰਹੇ ਹਨ ਅਤੇ ਸਮੇਂ ਸਿਰ ਦਵਾਈ ਦਿੱਤੀ ਜਾਂਦੀ ਹੈ ਅਤੇ ਸਮੇਂ ਸਿਰ ਖਾਣਾ ਵੀ ਦਿੱਤਾ ਜਾਂਦਾ ਹੈ। ਉਸ ਨੇ ਕਿਹਾ ਕਿ ਇਲਾਜ ਦੌਰਾਨ ਉਸ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਅਤੇ ਹੁਣ ਉਹ ਠੀਕ ਹੈ। ਉਸ ਨੇ ਕਿਹਾ ਕਿ ਕੋਰੋਨਾ ਸਬੰਧੀ ਜੋ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਉਹ ਬਿਲਕੁੱਲ ਬੇਬੁਨਿਆਦ ਹਨ ਅਤੇ ਇਨ੍ਹਾਂ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਗੋਂ ਸਭ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਇਸ ਬਿਮਾਰੀ ਦਾ ਖਾਤਮਾ ਕੀਤਾ ਜਾ ਸਕੇ।

All Time Favorite

Categories