Home » ਪੰਜਾਬੀ ਅਦਬ ਦਾ ਅਹਿਮ ਹਸਤਾਖ਼ਰ : ਡਾ: ਜੋਗਿੰਦਰ ਸਿੰਘ ਕੈਰੋਂ  
Punjabi News

ਪੰਜਾਬੀ ਅਦਬ ਦਾ ਅਹਿਮ ਹਸਤਾਖ਼ਰ : ਡਾ: ਜੋਗਿੰਦਰ ਸਿੰਘ ਕੈਰੋਂ  

ਪੰਜਾਬੀ ਅਦਬ ਦਾ ਅਹਿਮ ਹਸਤਾਖ਼ਰ : ਡਾ: ਜੋਗਿੰਦਰ ਸਿੰਘ ਕੈਰੋਂ  

ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਲਈ ਚੁਣੇ ਜਾਣ ’ਤੇ ਵਿਸ਼ੇਸ਼—
ਪੰਜਾਬੀ ਅਦਬ ਦਾ ਅਹਿਮ ਹਸਤਾਖ਼ਰ : ਡਾ: ਜੋਗਿੰਦਰ ਸਿੰਘ ਕੈਰੋਂ  ।
—————————————————-
ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਦੇ ਉੱਚ ਕੋਟੀ ਦੇ ਸਾਹਿਤਕਾਰ ਤੇ ਆਲੋਚਕ ਡਾ: ਜੋਗਿੰਦਰ ਸਿੰਘ ਕੈਰੋਂ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ, ਸਾਲ 2015 ਦੇ ਪੁਰਸਕਾਰ ਲਈ ਚੁਣੇ ਜਾਣ ਨਾਲ ਪੰਜਾਬੀ ਅਦਬੀ ਖੇਤਰ ’ਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ। ਅੰਗਰੇਜ਼ੀ, ਹਿੰਦੀ ਅਤੇ ਫ਼ਾਰਸੀ ਦੇ ਵੀ ਗਿਆਤਾ ਡਾ: ਕੈਰੋਂ ਪੰਜਾਬੀ ਸਾਹਿਤ, ਲੋਕਧਾਰਾ ਅਤੇ ਆਲੋਚਨਾ ਦੇ ਖੇਤਰ ‘ਚ ਜਾਣੇ- ਪਛਾਣੇ ਹਸਤਾਖ਼ਰ ਹਨ। ਮਿਲਾਪੜੇ ਤੇ ਦਰਵੇਸ਼ੀ ਸੁਭਾਅ ਦੇ ਮਾਲਕ ਮੇਰੇ ਪਿਤਾ ਸਮਾਨ ਡਾ: ਕੈਰੋਂ ਯਾਰਾਂ ਦਾ ਯਾਰ ਵੀ ਹੈ, ਉਹ ਹਰ ਲੋੜਵੰਦ ਦੀ ਮਦਦ ਕਰਨ ਅਤੇ ਅਕੈਡਮਿਕ ਤੇ ਸਮਾਜਿਕ ਖੇਤਰ ’ਚ ਨੌਜਵਾਨੀ ਨੂੰ ਉਸਾਰੂ ਸੇਧ ਪ੍ਰਦਾਨ ਕਰਨ ਲਈ ਸਦਾ ਤਤਪਰ ਰਹਿੰਦੇ ਹਨ। ਪੰਜਾਬੀ ਮਾਂ ਬੋਲੀ ਨਾਲ ਪਿਆਰ ਅਤੇ ਸਾਹਿਤ ਦੇ ਖੇਤਰ ‘ਚ ਪਾਏ ਵਡਮੁੱਲੇ ਯੋਗਦਾਨ ਲਈ ਡਾ: ਕੈਰੋਂ ਨੂੰ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵੱਲੋਂ ’ਅਜੀਵਨਕਾਲ ਪ੍ਰਾਪਤੀ ਸਨਮਾਨ’ ਤੋਂ ਇਲਾਵਾ ਕਈ ਸੰਸਥਾਵਾਂ ਵੱਲੋਂ ਭਾਈ ਵੀਰ ਸਿੰਘ ਗਲਪ ਪੁਰਸਕਾਰ, ਸੁਜਾਨ ਸਿੰਘ ਪੁਰਸਕਾਰ ਅਤੇ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਆਦਿ ਕੌਮੀ ਅਤੇ ਕੌਮਾਂਤਰੀ ਪੁਰਸਕਾਰਾਂ ਦੀ ਨਿਵਾਜ਼ਸ਼ ਹੋ ਚੁੱਕੀ ਹੈ।
ਡਾ: ਕੈਰੋਂ ਦਾ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਹੁਤ ਹੀ ਤਰਕਵਾਦੀ ਪਰ ਸੰਵੇਦਨਸ਼ੀਲ ਹੈ। ਉਹ ਗੁਰਬਾਣੀ ਦੇ   ’’ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥   ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥ ’’
ਅਨੁਸਾਰ ਹਮੇਸ਼ਾਂ ਚੜ੍ਹਦੀ ਕਲਾ ਵਿਚ ਜੀਵਨ ਬਸਰ ਕਰਨ ’ਚ ਯਕੀਨ ਰੱਖਦੇ ਹਨ।  ਉਹ ਦੱਸਿਆ ਕਰਦੇ ਹਨ ਕਿ ਯਥਾਰਥਵਾਦੀ ਅਤੇ ਮਾਰਕਸਵਾਦੀ ਵਿਚਾਰਧਾਰਾ ਨੂੰ ਪਰਨਾਏ ਹੋਣ ਦੇ ਬਾਵਜੂਦ ਉਨ੍ਹਾਂ ਦੇ ਜੀਵਨ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ’ਤੇ ਉਨ੍ਹਾਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਜ਼ਿੰਦਗੀ ਯਥਾਰਥ ਤੋਂ ਅੱਗੇ ਵੀ ਕੋਈ ਸ਼ਕਤੀ ਹੈ। ਆਪ ਦਾ ਮੰਨਣਾ ਹੈ ਕਿ ਜੋ ਕੁਝ ਵੀ ਜ਼ਿੰਦਗੀ ’ਚ ਵਾਪਰ ਦਾ ਹੈ ਉਹ ਉਸ ਸਮੇਂ ਤਾਂ ਮਾੜਾ ਜਾਂ ਬੁਰਾ ਲੱਗੇ ਪਰ ਉਹੀ ਘਟਨਾ ਤੁਹਾਡੇ ਜ਼ਿੰਦਗੀ ਨੂੰ ਵੱਖਰੇ ਮੋੜ ’ਤੇ ਤੋਰਨ ਦਾ ਕਾਰਨ ਵੀ ਬਣ ਸਕਦੀ ਹੈ ਅਤੇ ਭਲੇ ਲਈ ਹੁੰਦੀ ਹੈ। ਇੱਥੇ ਇਕ ਘਟਨਾ ਦਾ ਜ਼ਿਕਰ ਕਰਨਾ ਚਾਹਾਂਗਾ, ਕਿ ਇਕ ਵਾਰ ਬਚਪਨ ’ਚ ਇਕ ਦੁਰਘਟਨਾ ਦੌਰਾਨ ਉਨ੍ਹਾਂ ਦੇ ਇਕ ਉਂਗਲ ’ਤੇ ਚੋਟ ਲੱਗਣ ਨਾਲ ਉਂਗਲ ਟੇਢੀ ਹੋ ਗਈ। ਜਿਸ ਦਾ ਉਨ੍ਹਾਂ ਨੂੰ ਉਸ ਵਕਤ ਬਹੁਤ ਦੁੱਖ ਹੋਇਆ, ਪਰ 1965 ’ਚ ਜਦ ਉਹ ਸੈਕੰਡ ਲੈਫ਼ਟੀਨੈਂਟ ਸਲੈਕਟ ਹੋ ਗਿਆ ਤਾਂ ਉਨ੍ਹਾਂ ਨੂੰ ਮੈਡੀਕਲ ਦੌਰਾਨ ਉਸੇ ਟੇਢੀ ਉਂਗਲ ਕਾਰਨ ਅਨਫਿਟ ਕਰਾਰ ਦਿੱਤਾ ਗਿਆ। ਅੱਜ ਉਹ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਉਸੇ ਵਿੰਗੇ ਉਂਗਲ ਦਾ ਧੰਨਵਾਦੀ ਹੈ।
ਡਾ: ਕੈਰੋਂ 150 ਮੁਲਕਾਂ ‘ਚ ਬੋਲੀ ਜਾ ਰਹੀ ਪੰਜਾਬੀ ਜ਼ੁਬਾਨ ਅਤੇ ਸਭਿਆਚਾਰ ਪ੍ਰਤੀ ਚੇਤੰਨ ਹੈ। ਪੰਜਾਬ ਦੀ ਵਿਰਾਸਤ ਅਤੇ ਸਭਿਆਚਾਰ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਵਿਸ਼ਵ ਪੰਜਾਬੀ ਕਾਨਫ਼ਰੰਸ ਆਦਿ ਦਾ ਸੰਚਾਲਨ ਕਰ ਚੁੱਕੇ ਹਨ। ਉਸ ਲਈ ਸਭਿਆਚਾਰ ਜਿੱਥੇ ਜੀਵਨ ਜਿਊਣ ਦੀ ਜਾਂਚ ਸਿਖਾਉਂਦਾ ਹੈ ਉੱਥੇ ਹੀ ਜੀਵਨ ਸੇਧ ਵੀ ਪ੍ਰਦਾਨ ਕਰਦਾ ਹੈ। ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਪੰਜਾਬੀ ਜ਼ੁਬਾਨ ‘ਚ ਸ਼ਾਮਲ ਕਰਨਾ ਮਾਇਨੇ ਰੱਖਦਾ ਹੈ ਪਰ ਆਪਣੀ ਵਿਆਕਰਨ ਨੂੰ ਤੋੜਨ ਨਾਲ ਜ਼ੁਬਾਨ ਦੀ ਹੋਂਦ ਨੂੰ ਵੀ ਖ਼ਤਰਾ ਮਹਿਸੂਸ ਕਰਦਾ ਹੈ।
ਇਸ ਅਜ਼ੀਮ ਸ਼ਖ਼ਸੀਅਤ ਦਾ ਜਨਮ ’ਢਡਵਾਲ’ ਗੋਤ ਦੇ ਕਿਸਾਨ ਘਰਾਣੇ ’ਚ ਪਿਤਾ ਸ੍ਰ. ਸੰਤੋਖ ਸਿੰਘ ਦੇ ਘਰ ਮਾਤਾ ਸ੍ਰੀ ਹਰਬੰਸ ਕੌਰ ਦੀ ਕੁੱਖੋਂ  12 ਅਪ੍ਰੈਲ (6 ਫੱਗਣ) 1941 ਨੂੰ  ਬਾਰ ਦੇ ਇਲਾਕੇ ਵਿੱਚ ਟੋਭਾ ਟੇਕ ਸਿੰਘ ਦੇ ਨਜ਼ਦੀਕ 359 ਚੱਕ, ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ  ਵਿੱਚ ਹੋਇਆ। ਆਪ ਦਾ ਜੱਦੀ ਪੁਸ਼ਤੀ ਪਿੰਡ ਗੁਨੋਵਾਲਾ ਨੇੜੇ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਹੈ।
ਦੇਸ਼ ਵੰਡ ਸਮੇਂ ਇਸ ਪਰਿਵਾਰ ਨੂੰ ਪਿੰਡ ਡਿਆਲ ਭੱਟੀ ਨੇੜੇ ਗਗੋਮਾਹਲ ਤਹਿਸੀਲ ਅਜਨਾਲਾ ਵਿਖੇ ਜ਼ਮੀਨ ਅਲਾਟ ਹੋਈ। ਉਸ ਸਮੇਂ ਇਸ ਇਲਾਕੇ ’ਚ ਦਰਿਆ ਰਾਵੀ ਦੇ ਬਹੁਤ ਸਾਰੇ ਹੜ੍ਹ ਆਉਂਦੇ ਸਨ, ਤਾਂ ਉਨ੍ਹਾਂ ਸ: ਪ੍ਰਤਾਪ ਸਿੰਘ ਕੈਰੋਂ ਨੂੰ ਕਹਿ ਕੇ ਜ਼ਮੀਨ ਦੀ ਅਲਾਟਮੈਂਟ ਕੈਂਸਲ ਕਰਾਉਂਦਿਆਂ ਤਹਿਸੀਲ ਤੇ ਅਜੋਕਾ ਜ਼ਿਲ੍ਹਾ ਸਰਸਾ ਦੇ ਪਿੰਡ ਸ਼ੇਖੂਖੇੜਾ ਨੇੜੇ ਅਹਿਲਣਾਬਾਦ ਵਿਖੇ ਅਲਾਟ ਕਰਵਾ ਲਈ। ਪਰ ਉਸ ਸਮੇਂ ਇਹ ਇਲਾਕਾ ਵੀ ਜੰਗਲੀ ਤੇ ਬਹੁਤ ਪਛੜਿਆ ਹੋਇਆ ਸੀ ਅਤੇ ਦੂਰ ਨੇੜੇ ਕੋਈ ਸਕੂਲ ਆਦਿ ਵੀ ਨਹੀਂ ਸੀ। ਜਿੱਥੇ ਡਾ: ਕੈਰੋਂ ਨੇ ਬਚਪਨ ਦੌਰਾਨ ਬਹੁਤ ਸਾਰਾ ਸਮਾਂ ਜੰਗਲ ਪੁੱਟਣ ਅਤੇ ਵਾਹੀ ਜੋਤੀ ’ਚ ਬਿਤਾਇਆ। ਉਹ ਦੱਸਿਆ ਕਰਦੇ ਹਨ ਕਿ ਉਸ ਨੂੰ ਬਚਪਨ ਦੌਰਾਨ ਹੀ ਪੜ੍ਹਨ ਦਾ ਬਹੁਤ ਸ਼ੌਕ ਸੀ। ਨੇੜੇ ਚੰਗੇ ਸਕੂਲ ਦੀ ਅਣਹੋਂਦ ਕਾਰਨ ਉਹ ਮਾਝੇ ਦੇ ਇਲਾਕੇ ’ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਖ਼ਤ ਲਿਖਦਿਆਂ ਪੜਾਈ ਵਿਚ ਸਹਾਇਤਾ ਕਰਨ ਲਈ ਗੁਜ਼ਾਰਿਸ਼ ਕਰਿਆ ਕਰਦੇ ਸਨ। ਇਕ ਦਿਨ ਕੈਰੋਂ ਰਹਿੰਦੇ ਉਸ ਦੇ ਫੁੱਫੜ ਜੀ ਸ੍ਰ: ਮੋਹਨ ਸਿੰਘ ਸ਼ਾਹ ਦਾ ਪੱਤਰ ਆਇਆ ਕਿ ਇਸ ਬੱਚੇ ਨੂੰ ਸਾਡੇ ਕੋਲ ਭੇਜ ਦਿੱਤਾ ਜਾਵੇ। ਇੰਜ ਅੱਠਵੀਂ ਪਾਸ ਕਰਨ ਉਪਰੰਤ 1957 ਈ: ਨੂੰ ਉਹ ਕੈਰੋਂ ਆ ਗਏ। ਆਪ ਦੀ ਮਾਤਾ ਜੀ ਦੀ ਸਦੀਵੀ ਵਿਛੋੜੇ ਸਮੇਂ ਵੀ ਆਪ ਇਸੇ ਭੂਆ ਫੁੱਫੜ ਕੋਲ ਹੀ ਬਾਰ ਦੇ ਕੈਰੋਂ ’ਚ ਰਿਹਾ ਕਰਦੇ ਸਨ। ਕੈਰੋਂ ਵਿਖੇ ਪੜ੍ਹਨ ਲਈ ਜਿਹੜਾ ਚੁਬਾਰਾ ਮਿਲਿਆ ਉਹ ਫੁੱਫੜ ਦੇ ਵੱਡੇ ਮੁੰਡੇ ਸ: ਜਸਵੰਤ ਸਿੰਘ ਢਿੱਲੋਂ ਦਾ ਸੀ, ਜੋ ਲਾਇਲਪੁਰ ਐਗਰੀਕਲਚਰ ਕਾਲਜ ’ਚ ਪੜ੍ਹ ਰਿਹਾ ਸੀ। ਉਹ ਚੁਬਾਰਾ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਸਾਹਿਤ ਨਾਲ ਮਾਲਾ ਮਾਲ ਸੀ। ਜਿਸ ਨਾਲ ਡਾ: ਕੈਰੋਂ ਨੂੰ ਪੜ੍ਹਨ ਦੀ ਇੱਛਾ ਹੋਰ ਪ੍ਰਬਲ ਹੋ ਗਈ। ਉਸ ਨੇ ਉਹ ਸਾਰੀਆਂ ਕਿਤਾਬਾਂ ਤੋਂ ਇਲਾਵਾ ਸਕੂਲ ਦੀਆਂ ਸਭ ਕਿਤਾਬਾਂ ਪੜ੍ਹ ਛੱਡੀਆਂ। 1962 ’ਚ ਆਪ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਗਰੈਜੂਏਸ਼ਨ ਲਈ ਦਾਖਲਾ ਲਿਆ। ਜਿੱਥੇ ਆਪ ਨੇ ਡਾ: ਗੁਰਦਿਆਲ ਸਿੰਘ ਫੁੱਲ ਤੋਂ ਇਲਾਵਾ ਡਾ: ਦੀਵਾਨ ਸਿੰਘ, ਡਾ: ਕਰਨੈਲ ਸਿੰਘ ਥਿੰਦ ਅਤੇ ਡਾ: ਮਹਿੰਦਰ ਸਿੰਘ ਰੰਧਾਵਾ ਹੋਰਾਂ ਦੇ ਅਧਿਆਪਨ ਦਾ ਨਿੱਘ ਮਾਣਿਆ। ਬਾਅਦ ’ਚ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਐਮ ਏ ਪੰਜਾਬੀ ਕਰਨ ਦੌਰਾਨ ਡਾ: ਹਰਚਰਨ ਸਿੰਘ, ਡਾ: ਜੀਤ ਸਿੰਘ ਸੀਤਲ, ਡਾ: ਪ੍ਰੇਮ ਪ੍ਰਕਾਸ਼ ਸਿੰਘ, ਡਾ: ਰਤਨ ਸਿੰਘ ਜਗੀ ਅਤੇ ਡਾ: ਦਲੀਪ ਕੌਰ ਟਿਵਾਣਾ ਤੋਂ ਸਿੱਖਣ ਦਾ ਅਵਸਰ ਪ੍ਰਾਪਤ ਕੀਤਾ। ਆਪ ਨੇ 1979 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਲੋਕਧਾਰਾ ਦੇ ਖੇਤਰ ਵਿੱਚ ਪੀ.ਐਚ.ਡੀ. ਦੀ ਡਿਗਰੀ ਹਾਸਿਲ ਕੀਤੀ।  ਖ਼ੋਜੀ ਅਤੇ ਸਿਰੜੀ ਬਿਰਤੀ ਦਾ ਹੋਣ ਕਾਰਨ ਲੋਕ ਕਹਾਣੀ ਦੇ ਸੰਰਚਨਾਤਮਿਕ ਪਹਿਲੂਆਂ ਨੂੰ ਪਛਾਣਨ ਲਈ ਉਨ੍ਹਾਂ ਆਪਣੀ ਪੀ.ਐਚ.ਡੀ. ਦੀ ਖੋਜ ਪੂਰੇ ਸਿਰੜ ਨਾਲ ਕੀਤੀ।
ਡਾ. ਜੋਗਿੰਦਰ ਸਿੰਘ ਕੈਰੋਂ ਨੇ ਪਹਿਲਾ ਅਧਿਆਪਨ ਕਾਰਜ ਭਾਵ ਨੌਕਰੀ 1969 ਦੌਰਾਨ ਬੀੜ ਬਾਬਾ ਬੁੱਢਾ ਕਾਲਜ ਝਬਾਲ ਵਿਖੇ ਕੀਤੀ। 1984 ਵਿਚ ਆਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿੱਚ ਲੈਕਚਰਾਰ ਵਜੋਂ ਨਿਯੁਕਤ ਹੋ ਗਏ। ਜੁਲਾਈ 2001 ਵਿਚ ਇੱਥੋਂ ਬਤੌਰ ਰੀਡਰ ਸੇਵਾ ਮੁਕਤ ਹੋਏ ।  ਇਸ ਦੌਰਾਨ ਆਪ ਪੰਜਾਬ ਰਾਜ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਲੰਮਾ ਸਮਾਂ ਡਾਇਰੈਕਟਰ ਵੀ ਰਹੇ ਹਨ। ਨਾਮਵਰ ਸਾਹਿਤਕਾਰ ਸੁਰਜੀਤ ਪਾਤਰ ਸਮੇਤ ਦਰਜਨ ਦੇ ਕਰੀਬ ਖ਼ੋਜੀ ਵਿਦਿਆਰਥੀਆਂ ਨੂੰ ਪੀ ਐਚ ਡੀ ਕਰਵਾ ਚੁੱਕੇ ਡਾ: ਕੈਰੋਂ ਅੱਜ ਕਲ ਮਾਝੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬੀੜ ਬਾਬਾ ਬੁੱਢਾ ਕਾਲਜ ਵਿਖੇ ਡਾਇਰੈਕਟਰ ਵਜੋਂ ਸੇਵਾਵਾਂ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਪੰਜਾਬੀਅਤ ਦੀ ਸੇਵਾ ਕਰਨ ਲਈ ਪ੍ਰੇਰਤ ਕਰ ਰਹੇ ਹਨ। ਇਸ ਤੋਂ ਇਲਾਵਾ ਸੀਮਤ ਆਰਥਿਕ ਸਰੋਤ ਦੇ ਬਾਵਜੂਦ ਤ੍ਰੈ ਮਾਸਿਕ ਪੰਜਾਬੀ ਸਾਹਿਤਕ ਮੈਗਜ਼ੀਨ ਸ਼ਿਲਾਲੇਖ ਨੂੰ ਸਫਲਤਾ ਪੂਰਵਕ ਚਲਾ ਰਹੇ ਹਨ।

ਪੰਜਾਬੀ ਸਾਹਿਤ ਦੇ ਵਿਲੱਖਣ ਹਸਤਾਖ਼ਰ ਡਾ: ਕੈਰੋਂ ਦੀ ਸਾਹਿਤਕ ਦੇਣ ਵੀ ਮਹਾਨ ਤੇ ਉੱਚਕੋਟੀ ਦਾ ਹੈ। ਡਾ. ਜੋਗਿੰਦਰ ਸਿੰਘ ਕੈਰੋਂ ਵਿਸ਼ਵ ਸਾਹਿਤ ਦਾ ਅਧਿਐਨ ਕਰਨ ’ਚ ਵਿਸ਼ਵਾਸ ਰੱਖਦਾ ਹੈ ਇਸੇ ਲਈ ਉਸ ਦੀ ਸਾਹਿਤ ਰਚਨਾ ਦੇ ਵਿਸ਼ੇ ਮਨੁੱਖ ਦੀਆਂ ਅਧੂਰੀਆਂ ਇੱਛਾਵਾਂ, ਕਾਮਨਾਵਾਂ, ਟੁੱਟਦੇ ਰਿਸ਼ਤਿਆਂ, ਪਤੀ-ਪਤਨੀ ਸਬੰਧਾਂ ਦੀ ਤਿੜਕਣ, ਸਰਮਾਏਦਾਰੀ ਸਮਾਜ ਵਿੱਚ ਮਨੁੱਖ ਅਤੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਧਸ ਚੁੱਕੇ ਸਮੁੱਚੇ ਸਿਸਟਮ ਨੂੰ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਪੇਸ਼ ਕਰਨ ਵਾਲੇ ਹਨ। ਉਸ ਦੀ ਵਿਚਾਰਧਾਰਕ ਪ੍ਰਤੀਬੱਧਤਾ ਸਾਧਾਰਨ ਮਨੁੱਖ ਅਤੇ ਉਸ ਦੇ ਜੀਵਨ ਯਥਾਰਥ ਨਾਲ ਜੁੜੇ ਹੋਏ ਅਨੇਕਾਂ ਪੱਖ ਅਤੇ ਪਾਸਾਰ ਉਸ ਦੇ ਨਾਵਲਾਂ ਦੇ ਕੇਂਦਰ ਵਿੱਚ ਹਨ। ਉਹ ਯਾਦਾਂ, ਡਾਇਰੀ, ਪਿਛਲ ਝਾਤ ਅਤੇ ਹੋਰ ਵਰਨਾਤਮਿਕ ਜੁਗਤਾਂ ਰਾਹੀਂ ਆਪਣਾ ਕਥਾਨਕ ਉਸਾਰਦਾ ਹੈ। ਉਸ ਦੇ ਨਾਵਲਾਂ ਵਿੱਚ ਦਾਰਸ਼ਨਿਕ ਫ਼ਲਸਫ਼ਾ, ਲੋਕ ਧਰਾਈ ਵੇਰਵੇ ਅਤੇ ਇਤਿਹਾਸਕ ਤੱਤ ਉਸ ਦੀ ਨਾਵਲੀ ਵਿਲੱਖਣਤਾ ਨੂੰ ਦਰਸਾਉਂਦੇ ਹਨ। ਡਾ: ਕੈਰੋਂ ਦਾ ਪਹਿਲਾਂ ਨਾਵਲ ‘ਨਾਦ-ਬਿੰਦ’ ਛਪਣ ਨਾਲ ਹੀ ਉਹ ਚਰਚਾ ਚ ਆ ਗਏ ਸਨ। ਇਸ ਨਾਵਲ ਚ ਕੈਰੋਂ ਨੇ ਯੋਗ ਧਿਆਨ, ਫ਼ਲਸਫ਼ਾ, ਕਾਮ-ਵਾਸਨਾ ਅਤੇ ਬੰਦੇ ਦੇ ਚੇਤਨ-ਅਵਚੇਤਨ ਵਿੱਚ ਚਲਦੇ ਦਵੰਦ ਨੂੰ ਪਕੜਨ ਦਾ ਯਤਨ ਕੀਤਾ ਹੈ।  ਨਾਦ ਬਿੰਦ ਪਿਛਲੇ 15 ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਮ. ਏ. ਪੰਜਾਬੀ ਦੇ ਸਿਲੇਬਸ ‘ਚ ਲਾਗੂ ਹਨ। ਨਾਦ-ਬਿੰਦ ਨੂੰ ਨੈਸ਼ਨਲ ਬੁੱਕ ਟ੍ਰਸਟ ਵੱਲੋਂ ਹਿੰਦੀ ’ਚ ਅਨੁਵਾਦ ਕਰਨ ਉਪਰੰਤ ਹੋਰਨਾਂ ਭਾਰਤੀ ਭਾਸ਼ਾਵਾਂ ’ਚ ਵੀ ਪ੍ਰਕਾਸ਼ਿਤ ਕਰਨ ਦਾ ਜਿਮਾ ਲਿਆ ਗਿਆ ਹੈ।  ਹੋਰਨਾਂ ਨਾਵਲਾਂ ਵਿਚ ’ਸਭਨਾਂ ਜਿੱਤੀਆਂ ਬਾਜ਼ੀਆਂ’,ਰੋਜ਼ਾ-ਮੇਅ, ਨੀਲੇ ਤਾਰਿਆਂ ਦੀ ਮੌਤ,ਬਾਈ ਪੋਲਰਾਂ ਦੇ ਦੇਸ਼, ਬਾਬਾ ਨੂਰਾ ਤੇ ਮੈਨਾ (ਬਾਲ ਨਾਵਲ), ਮੌਤ ਇਕ ਦਰਿਆ ਦੀ, ਟੁੱਟ ਭੱਜ, ਆਦਿ ਸ਼ਾਹਕਾਰ ਨਾਵਲ ਮੰਨੇ ਗਏ ਹਨ। ਉਨ੍ਹਾਂ ਦੇ ਨਾਵਲ ਉਨ੍ਹਾਂ ਦੀ ਸਭਨਾ ਜਿੱਤੀਆਂ ਬਾਜ਼ੀਆਂ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦਾ ਸ਼ਿੰਗਾਰ ਬਣੀ ਹੋਈ ਹੈ।  4 ਦਰਜਨ ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਕਰਾ ਚੁੱਕੇ ਡਾ. ਜੋਗਿੰਦਰ ਸਿੰਘ ਕੈਰੋਂ ਨੇ ਦਰਜਨ ਦੇ ਕਰੀਬ ਲੋਕਧਾਰਾ ਦੇ ਖੇਤਰ ਨਾਲ ਸੰਬੰਧਿਤ ਪੁਸਤਕਾਂ ਦੀ ਰਚਨਾ ਕੀਤੀ। ਜਿਨ੍ਹਾਂ ’ਚ ਪੰਜਾਬੀ ਲੋਕ ਕਹਾਣੀਆਂ ਦਾ ਸੰਰਚਨਾਤਮਿਕ ਅਧਿਐਨ ਅਤੇ ਵਰਗੀਕਰਨ, ਪੰਜਾਬੀ-ਲੋਕ ਵਾਰਤਾ, ਬਦੇਸ਼ੀ ਲੋਕ-ਕਹਾਣੀਆਂ, ਪੰਜਾਬੀ ਸਾਹਿਤ ਦਾ ਲੋਕਧਾਰਾਈ ਪਿਛੋਕੜ, ਸਾਡੇ ਲੋਕਧਾਰਾ ਸ਼ਾਸਤਰੀ, ਪੰਜਾਬੀ ਲੋਕਧਾਰਾ ਅਧਿਐਨ, ਪੰਜਾਬੀ ਲੋਕ ਬਿਰਤਾਂਤ ਅਤੇ ਲੋਕਧਾਰਾ ਅਧਿਐਨ ਵਿਧੀਆਂ ਜ਼ਿਕਰਯੋਗ ਹਨ।  ਜੀਵਨੀਆਂ ’ਚ ਬਾਬਾ ਖੜਕ ਸਿੰਘ, ਸੰਤ ਬਾਬਾ ਖੜਕ ਸਿੰਘ ਅਤੇ ਕਾਰ ਸੇਵਾ ਸੰਸਥਾ ਬੀੜ ਸਾਹਿਬ, ਬਨਸਫ਼ੇ ਦਾ ਫੁੱਲ (ਐਚ.ਐਸ.ਭੱਟੀ), ਲੋਕ ਨਾਇਕ ਪ੍ਰਤਾਪ ਸਿੰਘ ਕੈਰੋਂ, ਸੰਗਰਾਮੀ-ਗਾਥਾ: ਕਾਮਰੇਡ ਤੇਜਾ ਸਿੰਘ ਸੁਤੰਤਰ ਅਤੇ ਵਾਸਦੇਵ ਸਿੰਘ ਦੀਆਂ ਜੀਵਨ ਯਾਦਾਂ ਪੰਜਾਬੀ ਸਾਹਿਤ ਦੇ ਝੋਲੀ ’ਚ ਪਾ ਚੁੱਕੇ ਹਨ। ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀ ਸਾਹਿਤਕਾਰਾਂ ਨੂੰ ਤਿੰਨ ਲੇਖਕ ਕੋਸ਼ ਮਾਝੇ ਦੇ ਮੋਤੀ, ਦੁਆਬੇ ਦੇ ਮੋਤੀ ਅਤੇ ਮਾਲਵੇ ਦੇ ਮੋਤੀ ਪੁਸਤਕਾਂ ‘ਚ ਪਰੋਂਦਿਆਂ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨਾਟਕਾਂ ’ਚ ਵਿੰਡੋ ਮਿਲੇਨੀਅਮ ਤੋਂ ਇਲਾਵਾ ਸੁਕਰਾਤ ਬਾਰੇ ਨਾਟਕ ਅਤੇ ਉਸ ਦੇ ਜੀਵਨ ਫ਼ਲਸਫ਼ੇ ਬਾਰੇ ਵੀ ਪੁਸਤਕ ਤਿਆਰ ਕੀਤੀ ਹੈ। ਦੁਨੀਆ ਭਰ ਦੇ ਫ਼ਿਲਾਸਫ਼ਰ ਅਤੇ ਚਿੰਤਕਾਂ ਬਾਰੇ ਤਿੰਨ ਪੁਸਤਕਾਂ ’ਯੁੱਗ ਚਿੰਤਕ’ ਦੇ ਨਾਮ ਹੇਠ ਦਿੱਤੀਆਂ ਹਨ।  ਮਹਾਰਾਜਾ ਰਣਜੀਤ ਸਿੰਘ ਬਾਰੇ ਦੰਦ ਕਥਾਵਾਂ ’ਬਾਤਾਂ ਸ਼ੇਰੇ ਪੰਜਾਬ ਦੀਆਂ’ ਅੰਗਰੇਜ਼ੀ ਵਿਚ ਅਨੁਵਾਦ ਹੋ ਚੁੱਕਿਆ ਹੈ। ਕਹਾਣੀ ਸੰਗ੍ਰਹਿਆਂ ਵਿਚ ’ਆਖਰੀ ਲੜਾਈ ਦਾ ਨਾਇਕ’, ਕਾਕਰੋਚਾਂ ‘ਚ ਘਿਰਿਆਂ ਆਦਮੀ । ਵਾਦ ਕੋਸ਼ ਵਿਚ 125 ਦੇ ਕਰੀਬ ਵਾਦਾਂ ਦਾ ਸਾਹਿਤਕ ਅਤੇ ਵਿਗਿਆਨਕ ਸੁਖੈਨ ਭਾਸ਼ਾ ਵਿਚ ਤਿਆਰ ਕੀਤਾ ਗਿਆ।  ਉਨ੍ਹਾਂ ਸੰਸਾਰ ਪੱਧਰ ਦੇ ਉਨ੍ਹਾਂ ਨਾਰੀਆਂ ਦਾ ਕੋਸ਼ ਵੀ ਤਿਆਰ ਕੀਤਾ ਜਿਨ੍ਹਾਂ ਦੀ ਨਾਰੀਵਾਦ ਦੇ ਸੰਘਰਸ਼ ਵਿਚ ਅਹਿਮ ਯੋਗਦਾਨ ਰਿਹਾ।  ਅੱਜ ਕਲ ਉਹ ਪੰਜਾਬੀ ਲੋਕ ਕਹਾਣੀਆਂ ਨੂੰ ਇਕੱਤਰ ਕਰਦਿਆਂ ਉਨ੍ਹਾਂ ਨੂੰ ਤਿੰਨ ਭਾਗਾਂ ਵਿਚ ਸੰਪਾਦਨਾ ਕਰਨ ’ਚ ਰੁੱਝੇ ਹੋਏ ਹਨ। ਜਿਨ੍ਹਾਂ ’ਚ 500-500 ਸਫ਼ੇ ਦੀਆਂ ਦੋ ਜਿਲਦਾਂ ਤਿਆਰ ਹਨ। ਇਨ੍ਹਾਂ ਵੱਡ ਅਕਾਰੀ ਪੁਸਤਕਾਂ ’ਚ ਲੋਕ ਕਹਾਣੀਆਂ ਦੇ ਪ੍ਰਾਪਤ ਰੂੜ੍ਹੀਆਂ ਦੀ ਪਛਾਣ ਕਰਕੇ ਉਨ੍ਹਾਂ ਦੀਆਂ ਜੜ੍ਹਾਂ ਤਕ ਪਹੁੰਚਣ ਦਾ ਯਤਨ ਕਰ ਰਹੇ ਹਨ।
ਡਾ: ਜੋਗਿੰਦਰ ਸਿੰਘ ਕੈਰੋਂ ਨੂੰ ਅਮਰੀਕਾ ’ਚ ਰਹਿਣ ਲਈ ਗਰੀਨ ਕਾਰਡ ਮਿਲਿਆ ਹੋਇਆ ਹੈ ਇਸ ਦੇ ਬਾਵਜੂਦ ਉਸ ਦੀ ਤਰਜੀਹ ਪੰਜਾਬ ਵਿਚ ਰਹਿ ਕੇ ਪੰਜਾਬੀ ਸਾਹਿਤ ਦੀ ਸੇਵਾ ਕਰਦੇ ਰਹਿਣ ਦੀ ਹੈ। ਪੰਜਾਬੀ ਮਾਂ ਬੋਲੀ ਦਾ ਇਹ ਸਪੂਤ ਪੰਜਾਬੀ ਸਾਹਿਤ ਨੂੰ ਹੋਰ ਅਮੀਰੀ ਪ੍ਰਦਾਨ ਕਰਨ ਲਈ ਅੱਜ 80 ਸਾਲ ਦੇ ਉਮਰ ’ਚ ਵੀ ਅਣਥੱਕ ਕਾਰਜਸ਼ੀਲ ਹੈ।  ਸ਼੍ਰੋਮਣੀ ਸਾਹਿਤਕਾਰ ਦੇ ਵੱਕਾਰੀ ਪੁਰਸਕਾਰ ਲਈ ਡਾ: ਕੈਰੋਂ ਨੂੰ ਬਹੁਤ ਬਹੁਤ ਮੁਬਾਰਕਾਂ ।

ਪੰਜਾਬੀ ਅਦਬ ਦਾ ਅਹਿਮ ਹਸਤਾਖ਼ਰ : ਡਾ: ਜੋਗਿੰਦਰ ਸਿੰਘ ਕੈਰੋਂ   ਸਰਚਾਂਦ ਸਿੰਘ

All Time Favorite

Categories